ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਜਾ ਰਹੇ ਆਪ ਦੇ ਵਿਧਾਇਕ ਆਪਣੀ ਆਤਮਾ ਦੀ ਅਵਾਜ਼ ਸੁਣ ਕੇ ਸੱਚ ਬੋਲਣ-ਸੁਨੀਲ ਜਾਖੜ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 29 ਜੂਨ, 2026:
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਜਾ ਰਹੇ ਆਪ ਦੇ ਵਿਧਾਇਕਾਂ ਨੂੰ ਆਤਮਾ ਦੀ ਅਵਾਜ ਸੁਣ ਕੇ ਸੱਚ ਬੋਲਣ ਲਈ ਕਿਹਾ ਹੈ। ਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਲੰਬੇ ਸੁਨੇਹੇ ਵਿਚ ਲਿਖਿਆ ਹੈ ਕਿ ਇਹ ਸਮੇਂ ਇੰਨ੍ਹਾਂ ਵਿਧਾਇਕਾਂ ਨੇ ਗੁਰੂ ਅਤੇ ਆਪਣੇ ਹੰਕਾਰੇ ਹੋਏ ਮੁੱਖ ਮੰਤਰੀ ਵਿਚੋਂ ਕਿਸੇ ਇਕ ਪਾਸੇ ਖੜ੍ਹਨ ਦਾ ਫੈਸਲਾ ਕਰਨਾ ਹੈ ਅਤੇ ਆਸ ਪ੍ਰਗਟਾਈ ਕਿ ਇਹ ਵਿਧਾਇਕ ਪੰਥ ਦੋਖੀ ਵਿਅਕਤੀ ਦੇ ਪਿੱਛੇ ਖੜਕੇ ਖੁਦ ਪੰਥ ਦੋਖੀ ਨਹੀਂ ਬਣਨਗੇ।
ਸੁਨੀਲ ਜਾਖੜ ਨੇ ਆਪਣੇ ਸੋਸ਼ਲ ਮੀਡੀਆ ਸੁਨੇਹੇ ਵਿਚ ਲਿਖਿਆ ਹੈ,
ਜਦੋਂ ਸਿੱਖੀ ਸਿਧਾਤਾਂ ਨੂੰ ਚੁਣੌਤੀ ਦੇਣ ਵਾਲੇ, ਆਪਣੇ ਰਾਜਨੀਤਕ ਮਨਸੂਬਿਆਂ ਨੂੰ ਪੂਰਾ ਕਰਨ ਲਈ ਪੱਗਾਂ ਬੰਨਣ ਲਗ ਪੈਣ ਤੇ ਆਪਣੇ ਆਪ ਨੂੰ ਸਿੱਖ ਕਹਾਉਣ ਲੱਗ ਪੈਣ ਤਾਂ ਅੱਜ ਦੇ ਚੱਲ ਰਹੇ ਹਾਲਾਤਾਂ ਵਿੱਚ ਅਚੰਭੇ ਵਾਲੀ ਗੱਲ ਨਹੀਂ ਹੈ ।
ਪਰ ਗੁਰੂ ਸਾਹਿਬ ਦੇ ਸ਼ਬਦ ਹਨ ਕਿ ਜਬਰ ਕਰਨਾਂ ਗੁਨਾਹ ਹੈ ਅਤੇ ਜਬਰ ਸਹਿਣ ਕਰਨਾ ਉਸ ਤੋਂ ਵੱਡਾ ਗੁਨਾਹ ਹੈ । ਗੁਰੂ ਦੇ ਸੱਚੇ ਸਿੱਖ ਕਿਸੇ ਲਾਲਚ ਅਤੇ ਤਾਕਤ ਅੱਗੇ ਨਹੀਂ ਝੁਕਦੇ ਅਤੇ ਜੋ ਝੁਕ ਗਏ ਉਹ ਗੁਰੂ ਸਾਹਿਬ ਲਈ ਸਮਰਪਿਤ ਨਹੀਂ ।
ਗੁਰੂ ਦੀ ਬਖਸ਼ੀ ਸਿੱਖੀ ਕੁਰਬਾਨੀ, ਵਿਸ਼ਵਾਸ, ਸਤਿਕਾਰ ਅਤੇ ਸਮਰਪਣ ਦੀ ਪ੍ਰਤੀਕ ਹੈ ਨਾ ਕਿ ਰਾਜ ਸੱਤਾ ਦੇ ਹੰਕਾਰ ਵਿੱਚ “ਮੈਂ “ ਅਤੇ ਮੇਰੇ ਦਾ ਵਖਾਣ ਕਰਨ ਵਾਲਿਆਂ ਦੀ ਜੀ ਹਜ਼ੂਰੀ ਕਰਨ ਵਾਲਿਆਂ ਦੀ ।
ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲੇ ਪਹਿਲਾਂ ਵੀ ਬਹੁਤ ਆਏ ਪਰ ਇਤਿਹਾਸ ਗਵਾਹ ਹੈ ਕਿ ਉਹਨਾਂ ਹਾਕਮਾਂ ਦਾ ਵੀ ਕੁੱਝ ਨਹੀਂ ਰਿਹਾ ਅਤੇ ਰਹਿਣਾ ਮੱਥਾ ਲਾਉਣ ਵਾਲਿਆਂ ਦਾ ਹੁਣ ਵੀ ਕੁਝ ਨਹੀਂ ।
1000-1200 ਦੀ ਨਫਰੀ ਨਾਲ ਮੁੱਖ ਮੰਤਰੀ ਹੰਕਾਰ ਨਾ ਕਰਨ, ਇਹ ਦਾਤ ਵੀ ਉਸਦੀ ਹੈ ਅਤੇ ਉਸਦੀ ਮਿਹਰ ਬਿਨਾਂ ਬਚਣਾ ਕੁਝ ਨਹੀਂ ।
*ਇਸ ਲਈ ਸ੍ਰੀ ਅਕਾਲ ਤਖ਼ਤ ਵੱਲੋਂ ਬੇਅਦਬੀ ਕਾਨੂੰਨ ਲਈ ਤਲਬ ਵਿਧਾਇਕ ਜਿੱਥੇ ਇਸ ਕਾਨੂੰਨ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਆਪਣੀ ਗੱਲ ਰੱਖਣ ਉੱਥੇ ਹੀ ਮੁੱਖ ਮੰਤਰੀ ਨੂੰ ਗੁਰੂ ਦੋਖੀ ਮੰਨਣ ਵਾਲੇ ਹੁਕਮਨਾਮੇ ਦਾ ਵੀ ਸਤਿਕਾਰ ਕਰਦਿਆਂ ਉਨ੍ਹਾਂ (ਮੁੱਖ ਮੰਤਰੀ) ਉੱਪਰ ਕਾਰਵਾਈ ਦਾ ਭਰੋਸਾ ਦੇ ਕੇ ਆਉਣ।
ਅਤੇ ਜੇ ਉਹ ਮੁੱਖ ਮੰਤਰੀ ਨੂੰ ਸਹੀ ਮੰਨਦੇ ਹਨ ਤਾਂ ਜਿਥੇ ਉਹ ਕੱਲ੍ਹ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਆਪਣੇ ਪੱਖ ਰੱਖਣ ਉੱਥੇ ਹੀ ਹੇਠ ਲਿਖੀਆਂ ਕੁਝ ਸਹੁੰਆਂ ਵੀ ਦੇ ਕੇ ਆਉਣ:
1. ਇਹ ਕਿ ਮੁੱਖ ਮੰਤਰੀ ਬੇਅਦਬੀ ਵਾਲੀ ਵਿਡੀਓ ਵਿੱਚ ਨਹੀਂ ਹਨ । (ਪਰ ਇਹ ਸਹੁੰ ਤਾਂ ਹੀ ਦੇਕੇ ਆਉਣ ਜੇਕਰ ਯਕੀਨ ਹੋਵੇ ਕਿਤੇ ਪੰਥ ਦੋਖੀ ਪਿੱਛੇ ਲੱਗ ਕੇ ਖੁਦ ਗੁਰੂ ਘਰ ਦੇ ਗੁਨਾਹਗਾਰ ਨਾ ਬਣ ਆਉਣ)2. ਇਹ ਵੀ ਕਿ ਗੁਰੂ ਗ੍ਰਾਮ ਵਿੱਚ ਨਕਲੀ ਰਿਪੋਰਟ ਤਿਆਰ ਕਰਵਾਉਣ ਗਏ ਅਫ਼ਸਰ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਨਹੀਂ ਭੇਜੇ ਗਏ ਸੀ ਅਤੇ ਇਹ ਮੁੱਖ ਮੰਤਰੀ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਹੀਂ ਸੀ ।
3. ਇਹ ਕਿ ਹਰਪਾਲ ਚੀਮਾ ਅਤੇ ਅਮਨ ਅਰੋੜਾ ਵੱਲੋਂ ਨਕਲੀ ਰਿਪੋਰਟਾਂ ਨਾਲ ਕੀਤੀ ਪ੍ਰੈਸ ਕਾਨਫਰੰਸ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਪਮਾਨ ਨਹੀਂ ਸੀ।
4. ਅਤੇ ਇਹ ਵੀ ਦੱਸ ਕੇ ਆਉਣ ਕਿ ਮੁੱਖ ਮੰਤਰੀ ਕੁਰਸੀ ਬਚਾਉਣ ਲਈ ਜੇਕਰ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਂਦੇ ਹਨ ਤਾਂ ਇਹ ਵਿਧਾਇਕ ਕੀ ਕਰਨਗੇ ।
ਕਿਉਂਕਿ ਜੇਕਰ ਮੁੱਖ ਮੰਤਰੀ ਕੋਲ ਆਪਣੀ ਬੇਗੁਨਾਹੀ ਸਾਬਿਤ ਕਰਨ ਦਾ ਕੋਈ ਸਬੂਤ ਹੁੰਦਾ ਤੇ ਉਨਾਂ ਨੇ ਅਕਾਲ ਤਖ਼ਤ ਨੂੰ ਚੁਨੌਤੀ ਦੇਣ ਦੀ ਨਾ ਠਾਣੀ ਹੁੰਦੀ ਤਾਂ ਭਗਵੰਤ ਮਾਨ ਖੁਦ ਵੀ ਨਿਮਾਣੇ ਸਿੱਖ ਵਜੋਂ ਪੇਸ਼ ਹੋ ਜਾਂਦੇ ਤੇ ਇਨ੍ਹਾਂ ਵਿਧਾਇਕਾਂ ਨੂੰ ਸੱਦਣਾ ਹੀ ਨਹੀਂ ਸੀ ਪੈਣਾ।
ਕੱਲ ਇਨਾਂ ਵਿਧਾਇਕਾਂ ਨੇ ਆਪਣੇ ਗੁਰੂ ਤੇ ਇੱਕ ਹੰਕਾਰੇ ਹੋਏ, ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾਉਣ ਵਾਲੇ ਵਿਅਕਤੀ ਵਿਚੋਂ ਕਿਸੇ ਇਕ ਦੀ ਚੋਣ ਕਰਨੀ ਹੋਵੇਗੀ।
ਉਮੀਦ ਕਰਦੇ ਹਾਂ ਇਹ ਵਿਧਾਇਕ ਸਹੀ ਫੈਸਲਾ ਕਰਨਗੇ।
- Download Babushahi App
-
-