ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਸੇਵਾ ਦੀ ਸਦੀਵੀ ਪ੍ਰੰਪਰਾ ਦਾ ਪ੍ਰਤੀਕ ਹੈ ਗੌਲੀਗੁੜਾ ਗੁਰਦੁਆਰਾ ਸਾਹਿਬ: ਕਾਲਕਾ
ਹੈਦਰਾਬਾਦ 21 ਸਤੰਬਰ (ਮਨਮੋਹਨ ਸਿੰਘ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਇੱਥੇ ਦੱਸਿਆ ਕਿ ਤੇਲੰਗਾਨਾ ਸਿੱਖ ਸੁਸਾਇਟੀ ਵੱਲੋਂ ਸੈਂਟਰਲ ਗੁਰਦੁਆਰਾ ਸਾਹਿਬ, ਗੌਲੀਗੁੜਾ, ਹੈਦਰਾਬਾਦ ਦੇ 100 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਸ਼ਾਮਲ ਹੋਣ ਦਾ ਉਨ੍ਹਾਂ ਨੂੰ ਸੁਭਾਗ ਪ੍ਰਾਪਤ ਹੋਇਆ।
ਸਰਦਾਰ ਕਾਲਕਾ ਨੇ ਕਿਹਾ ਕਿ ਇਸ ਪਵਿੱਤਰ ਮੌਕੇ ’ਤੇ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਅਤੇ ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਵਾਲਿਆਂ ਸਮੇਤ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਉਨ੍ਹਾਂ ਕਿਹਾ ਕਿ ਮਹਾਨ ਸੰਤਾਂ-ਮਹਾਪੁਰਖਾਂ ਦੀ ਹਾਜ਼ਰੀ ਅਤੇ ਸੰਗਤ ਦਾ ਪਿਆਰ ਇਸ ਇਤਿਹਾਸਕ ਸਮਾਗਮ ਦੀ ਆਤਮਿਕ ਮਹੱਤਤਾ ਨੂੰ ਹੋਰ ਵਧਾਉਂਦਾ ਹੈ।
ਉਨ੍ਹਾਂ ਕਿਹਾ ਕਿ ਗੌਲੀਗੁੜਾ ਦਾ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਪਿਛਲੇ 100 ਸਾਲਾਂ ਤੋਂ ਹੈਦਰਾਬਾਦ ਅਤੇ ਤੇਲੰਗਾਨਾ ਵਿੱਚ ਸਿੱਖੀ ਦੇ ਪ੍ਰਚਾਰ-ਪ੍ਰਸਾਰ, ਗੁਰਬਾਣੀ, ਸੇਵਾ ਅਤੇ ਲੰਗਰ ਦੀ ਮਹਾਨ ਪਰੰਪਰਾ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਸਦੀ ਦਾ ਇਹ ਸਫ਼ਰ ਸਿੱਖ ਸੰਗਤ ਦੀ ਗੁਰੂ ਘਰ ਪ੍ਰਤੀ ਅਟੁੱਟ ਸ਼ਰਧਾ, ਸੇਵਾ-ਭਾਵਨਾ ਅਤੇ ਇਕਜੁੱਟਤਾ ਦਾ ਪ੍ਰਤੀਕ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਸਿਰਫ਼ ਇਬਾਦਤ ਦੇ ਸਥਾਨ ਹੀ ਨਹੀਂ, ਸਗੋਂ ਮਨੁੱਖਤਾ ਦੀ ਸੇਵਾ, ਭਾਈਚਾਰਕ ਸਾਂਝ ਅਤੇ ਗੁਰੂ ਸਾਹਿਬਾਨ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਸਮਾਜ ਤੱਕ ਪਹੁੰਚਾਉਣ ਦੇ ਕੇਂਦਰ ਹਨ। ਉਨ੍ਹਾਂ ਕਿਹਾ ਕਿ ਗੌਲੀਗੁੜਾ ਗੁਰਦੁਆਰਾ ਸਾਹਿਬ ਦੀ ਇੱਕ ਸਦੀ ਦੀ ਸੇਵਾ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ।
ਸਰਦਾਰ ਕਾਲਕਾ ਨੇ ਤੇਲੰਗਾਨਾ ਸਿੱਖ ਸੁਸਾਇਟੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਦਿੱਤੇ ਪਿਆਰ, ਸਤਿਕਾਰ ਅਤੇ ਨਿੱਘੇ ਸਵਾਗਤ ਲਈ ਸਮੂਹ ਪ੍ਰਬੰਧਕਾਂ ਅਤੇ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਗਤ ਵੱਲੋਂ ਮਿਲਿਆ ਪਿਆਰ ਅਤੇ ਸਤਿਕਾਰ ਉਨ੍ਹਾਂ ਲਈ ਹਮੇਸ਼ਾ ਯਾਦਗਾਰ ਰਹੇਗਾ।
ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਸਦੀ ਸਿੱਖ ਸੰਗਤ ਵੱਲੋਂ ਆਪਣੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਇਨ੍ਹਾਂ ਨਾਲ ਸਿੱਖ ਭਾਈਚਾਰੇ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ ਅਤੇ ਗੌਰਵਮਈ ਵਿਰਾਸਤ ਨਾਲ ਜੋੜਨ ਵਿੱਚ ਹੋਰ ਮਜ਼ਬੂਤੀ ਮਿਲਦੀ ਹੈ।
- Download Babushahi App
-
-