ਸਾਬਕਾ ਵਿਧਾਇਕ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਨੂੰ ਮੰਗ ਪੱਤਰ ਸੌਂਪਿਆ ਗਿਆ
ਮਨਪ੍ਰੀਤ ਸਿੰਘ
ਰੂਪਨਗਰ 30 ਜਨਵਰੀ
ਵਿਧਾਨ ਸਭਾ ਹਲਕਾ ਰੂਪਨਗਰ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਅੱਜ ਨਗਰ ਕੌਂਸਲ ਦਫ਼ਤਰ ਰੂਪਨਗਰ ਪਹੁੰਚੇ ਅਤੇ ਉਨ੍ਹਾਂ ਵੱਲੋਂ ਪਾਈ ਗਈ ਆਰ.ਟੀ.ਆਈ. ਦਾ ਜਵਾਬ ਨਾ ਮਿਲਣ ‘ਤੇ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਕੁਮਾਰ ਵਾਹੀ ਨੂੰ ਮੰਗ ਪੱਤਰ ਸੌਂਪਿਆ ਗਿਆ।
ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਸੰਦੋਆ ਨੇ 3 ਮਾਰਚ 2025 ਨੂੰ ਆਰ.ਟੀ.ਆਈ. ਦਾਇਰ ਕਰਕੇ ਰੂਪਨਗਰ ਸ਼ਹਿਰ ਵਿੱਚ ਬਣੇ ਘਰਾਂ, ਦੁਕਾਨਾਂ ਅਤੇ ਪਲਾਟਾਂ ਲਈ ਜਾਰੀ ਕੀਤੀਆਂ ਗਈਆਂ ਐਨ.ਓ.ਸੀ. ਬਾਰੇ ਜਾਣਕਾਰੀ ਮੰਗੀ ਸੀ। ਨਗਰ ਕੌਂਸਲ ਵੱਲੋਂ ਉਨ੍ਹਾਂ ਨੂੰ ਪਹਿਚਾਣ ਪੱਤਰ ਭੇਜਣ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਸੰਦੋਆ ਨੇ ਆਪਣਾ ਪਹਿਚਾਣ ਪੱਤਰ ਵੀ ਜਮ੍ਹਾਂ ਕਰਵਾ ਦਿੱਤਾ, ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਆਰ.ਟੀ.ਆਈ. ਦਾ ਜਵਾਬ ਨਹੀਂ ਦਿੱਤਾ ਗਿਆ।
ਸੰਦੋਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਵੱਖ-ਵੱਖ ਤਰੀਕਾਂ ‘ਤੇ ਤਿੰਨ ਯਾਦ ਪੱਤਰ ਵੀ ਭੇਜੇ ਗਏ, ਪਰੰਤੂ ਫ਼ਿਰ ਵੀ ਕੋਈ ਜਵਾਬ ਨਹੀਂ ਮਿਲ਼ਿਆ। ਉਨ੍ਹਾਂ ਨੇ ਮੰਗ ਕੀਤੀ ਕਿ ਆਰ.ਟੀ.ਆਈ. ਦਾ ਜਵਾਬ ਤੁਰੰਤ ਦਿੱਤਾ ਜਾਵੇ ਅਤੇ ਜਵਾਬ ਨਾ ਦੇਣ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਅਸ਼ੋਕ ਕੁਮਾਰ ਵਾਹੀ ਇਮਾਨਦਾਰ ਵਿਅਕਤੀ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਕਾਰਵਾਈ ਕਰਨਗੇ।
ਇਸ ਦੌਰਾਨ ਸਾਬਕਾ ਵਿਧਾਇਕ ਸੰਦੋਆ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਸ਼ੋਕ ਕੁਮਾਰ ਦੇ ਦਫ਼ਤਰ ਵੀ ਪਹੁੰਚੇ। ਉਨ੍ਹਾਂ ਨੇ ਕਾਰਜ ਸਾਧਕ ਅਫ਼ਸਰ ਕੋਲੋਂ ਆਰ.ਟੀ.ਆਈ. ਦਾ ਜਵਾਬ ਨਾ ਦੇਣ ਬਾਰੇ ਪੁੱਛਿਆ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਦੁਪਹਿਰ ਦੇ ਖਾਣੇ ਤੋਂ ਬਾਅਦ 2.30 ਵਜੇ ਜਵਾਬ ਦੇ ਦਿੱਤਾ ਜਾਵੇਗਾ। ਪਰ ਜਦੋਂ ਸੰਦੋਆ 2.30 ਵਜੇ ਮੁੜ ਦਫ਼ਤਰ ਪਹੁੰਚੇ ਤਾਂ ਕਾਰਜ ਸਾਧਕ ਅਫ਼ਸਰ ਦਫ਼ਤਰ ਤੋਂ ਜਾ ਚੁੱਕੇ ਸਨ। ਸਾਬਕਾ ਵਿਧਾਇਕ ਸੰਦੋਆ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਹਲਕੇ ਦੇ ਚੁਣੇ ਹੋਏ ਵਿਅਕਤੀ ਅਧਿਕਾਰੀਆਂ ਤੇ ਦਬਾਅ ਪਾ ਕੇ ਜਵਾਬ ਦੇਣ ਤੋਂ ਰੋਕ ਰਹੇ ਹਨ। ਇਸ ਲਈ ਹੀ ਅਧਿਕਾਰੀ ਬੇਖੌਫ਼ ਹੋ ਕੇ ਜਵਾਬ ਨਹੀਂ ਦੇ ਰਹੇ ਹਨ।
ਸਾਬਕਾ ਵਿਧਾਇਕ ਸੰਦੋਆ ਨੇ ਕਿਹਾ ਕਿ ਉਹ ਸਿਰਫ਼ ਆਰ.ਟੀ.ਆਈ. ਦਾ ਜਵਾਬ ਲੈਣ ਲਈ ਆਏ ਸਨ ਅਤੇ ਜੇਕਰ ਉਨ੍ਹਾਂ ਨੂੰ ਜਵਾਬ ਨਹੀਂ ਮਿਲਦਾ ਤਾਂ ਉਹ ਉੱਚ ਅਧਿਕਾਰੀਆਂ ਕੋਲ਼ ਇਸ ਸਬੰਧੀ ਅਪੀਲ ਕਰਨਗੇ ਅਤੇ ਸੰਬੰਧਿਤ ਅਧਿਕਾਰੀਆਂ ਖਿਲਾਫ਼ ਸ਼ਿਕਾਇਤ ਵੀ ਦਰਜ ਕਰਵਾਉਣਗੇ।