ਸਰੀ ਦੇ ਮੇਅਰ ਲਈ ਕੰਸਰਵੇਟਿਵ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਪਾਣੀ ਦੇ ਬਿੱਲ 50% ਘਟਾਉਣ ਦਾ ਵਾਅਦਾ ਕੀਤਾ
ਹਰਦਮ ਮਾਨ
ਸਰੀ, 7 ਮਈ 2026- ਸਰੀ ਦੇ ਮੇਅਰ ਦੀ ਚੋਣ ਲਈ ਮੈਦਾਨ ਵਿੱਚ ਨਿੱਤਰੇ ਕੰਸਰਵੇਟਿਵ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਅੱਜ ਸ਼ਹਿਰ ਵਾਸਿਆਂ ਦੀ ਆਰਥਿਕ ਸਥਿਤੀ ਨੂੰ ਮੁੱਖ ਰੱਖਦਿਆਂ ਇੱਕ ਵੱਡਾ ਧਮਾਕਾ ਕੀਤਾ ਹੈ। ਉਹਨਾਂ ਐਲਾਨ ਕੀਤਾ ਕਿ ਜੇਕਰ ਸਰੀ ਸਿਟੀ ਹਾਲ ਵਿੱਚ ਕਨਜ਼ਰਵੇਟਿਵ ਮੇਅਰ ਅਤੇ ਕੌਂਸਲ ਚੁਣੀ ਜਾਂਦੀ ਹੈ, ਤਾਂ ਸ਼ਹਿਰ ਦੇ ਹਰ ਯੋਗ ਘਰ ਦਾ ਪਾਣੀ ਦਾ ਬਿੱਲ 50 ਪ੍ਰਤੀਸ਼ਤ ਤੱਕ ਘਟਾ ਦਿੱਤਾ ਜਾਵੇਗਾ। ਸ. ਰੰਧਾਵਾ ਮੁਤਾਬਕ ਇਸ ਕਦਮ ਨਾਲ ਹਰ ਪਰਿਵਾਰ ਨੂੰ ਸਾਲਾਨਾ ਲਗਭਗ 1,427 ਡਾਲਰ ਦੀ ਵੱਡੀ ਬਚਤ ਹੋਵੇਗੀ, ਜੋ ਮੌਜੂਦਾ ਮਹਿੰਗਾਈ ਦੇ ਦੌਰ ਵਿੱਚ ਇੱਕ ਵੱਡੀ ਰਾਹਤ ਸਾਬਿਤ ਹੋਵੇਗੀ।
ਹੋਨਵੀਰ ਰੰਧਾਵਾ ਨੇ ਮੌਜੂਦਾ 'ਫਲੈਟ-ਰੇਟ' ਸਿਸਟਮ ਨੂੰ ਜਨਤਾ ਨਾਲ ਬੇਇਨਸਾਫ਼ੀ ਦੱਸਦਿਆਂ ਕਿਹਾ ਕਿ ਇਹ ਪ੍ਰਣਾਲੀ ਉਹਨਾਂ ਲੋਕਾਂ ਨੂੰ ਸਜ਼ਾ ਦਿੰਦੀ ਹੈ ਜੋ ਪਾਣੀ ਦੀ ਘੱਟ ਵਰਤੋਂ ਕਰਦੇ ਹਨ ਪਰ ਮੀਟਰ ਲਗਾਉਣ ਦਾ ਮਹਿੰਗਾ ਖਰਚਾ ਨਹੀਂ ਝੱਲ ਸਕਦੇ। ਇਸ ਨੂੰ ਠੀਕ ਕਰਨ ਲਈ ਉਹਨਾਂ ਨੇ ਪੂਰੇ ਸ਼ਹਿਰ ਵਿੱਚ 'ਮੁਫ਼ਤ ਵਾਟਰ ਮੀਟਰ' ਲਗਾਉਣ ਦਾ ਵਾਅਦਾ ਕੀਤਾ ਹੈ, ਤਾਂ ਜੋ ਹਰ ਘਰ ਨੂੰ ਸਿਰਫ਼ ਉਹਨਾਂ ਦੀ ਅਸਲੀ ਵਰਤੋਂ ਮੁਤਾਬਕ ਹੀ ਬਿੱਲ ਆਵੇ। ਉਹਨਾਂ ਸਪਸ਼ਟ ਕੀਤਾ ਕਿ ਮੌਜੂਦਾ ਸਰਕਾਰ ਵੱਲੋਂ ਦਿੱਤੀ ਜਾਂਦੀ 400 ਡਾਲਰ ਦੀ ਰੀਬੇਟ ਨਾਕਾਫ਼ੀ ਹੈ, ਇਸ ਲਈ ਉਹਨਾਂ ਦੀ ਸਰਕਾਰ ਮੀਟਰ ਲਗਾਉਣ ਦੀ ਪਹਿਲਾਂ ਲੱਗਣ ਵਾਲੀ ਹਜ਼ਾਰਾਂ ਡਾਲਰ ਦੀ ਲਾਗਤ ਤੋਂ ਲੋਕਾਂ ਨੂੰ ਪੂਰੀ ਤਰ੍ਹਾਂ ਮੁਕਤ ਕਰੇਗੀ।
ਸ. ਰੰਧਾਵਾ ਨੇ ਮੈਟਰੋ ਵੈਨਕੂਵਰ ਦੀ ਮੈਨੇਜਮੈਂਟ 'ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਨੌਰਥ ਸ਼ੋਰ ਵੇਸਟ ਵਾਟਰ ਟਰੀਟਮੈਂਟ ਪਨਾਂਟ ਵਰਗੇ ਪ੍ਰੋਜੈਕਟਾਂ ਦੀ ਗਲਤ ਮੈਨੇਜਮੈਂਟ ਕਾਰਨ ਬਜਟ 700 ਮਿਲੀਅਨ ਡਾਲਰ ਤੋਂ ਵਧ ਕੇ 4 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ, ਜਿਸ ਦਾ ਬੋਝ ਸਰੀ ਦੇ ਆਮ ਲੋਕਾਂ 'ਤੇ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਜਿਹੀਆਂ ਨਾਕਾਮੀਆਂ ਦੀ ਸੁਤੰਤਰ ਜਾਂਚ (ਆਡਿਟ) ਕਰਵਾਈ ਜਾਵੇ ਅਤੇ ਸਰੀ ਲਈ ਇੱਕ ਮਜ਼ਬੂਤ ਆਵਾਜ਼ ਬੁਲੰਦ ਕੀਤੀ ਜਾਵੇ। ਰੰਧਾਵਾ ਨੇ ਭਰੋਸਾ ਦਿੱਤਾ ਕਿ ਉਹਨਾਂ ਦੀ ਲੀਡਰਸ਼ਿਪ ਦਾ ਮਕਸਦ ਸਿਰਫ਼ ਵਾਅਦੇ ਕਰਨਾ ਨਹੀਂ ਸਗੋਂ ਸਿਸਟਮ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆ ਕੇ ਲੋਕਾਂ ਨੂੰ ਆਰਥਿਕ ਨਿਆਂ ਦਿਵਾਉਣਾ ਹੈ।
- Download Babushahi App
-
-