ਸਰਕਾਰ ਨੇ ਓ ਟੀ ਐਸ ਸਕੀਮ ਰਾਹੀਂ ਬਿਜਲੀ ਖਪਤਕਾਰਾਂ ਨਾਲ ਭੱਦਾ ਮਜ਼ਾਕ ਕੀਤਾ: ਡਾ. ਦਲਜੀਤ ਸਿੰਘ ਚੀਮਾ
ਪੁੱਛਿਆ ਕਿ ਖਪਤਕਾਰਾਂ ਨੂੰ ਪਹਿਲਾਂ ਜ਼ੀਰੋ ਬਿੱਲ ਕਿਉਂ ਦਿੱਤੇ ਗਏ ਜਦੋਂ ਹੁਣ ਉਹਨਾਂ ਨੂੰ ਮੋਟੇ ਬਕਾਏ ਦੇਣ ਲਈ ਮਜਬੂਰ ਕੀਤਾ ਜਾ ਰਿਹੈ
ਚੰਡੀਗੜ੍ਹ, 14 ਨਵੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਬਿਜਲੀ ਖਪਤਕਾਰਾਂ ਨਾਲ ਭੱਦਾ ਮਜ਼ਾਕ ਕਰਦਿਆਂ ਪਹਿਲਾਂ ਖਪਤਕਾਰਾਂ ਨੂੰ ਜ਼ੀਰੋ ਬਿੱਲ ਭੇਜ ਦਿੱਤੇ ਤੇ ਫਿਰ 25 ਲੱਖ ਪਰਿਵਾਰਾਂ ਤੋਂ ਹੁਣ ਬਕਾਏ ਮੰਗੇ ਜਾ ਰਹੇ ਹਨ ਤੇ ਉਹਨਾਂ ਨੂੰ ਇਹੀ ਬਿੱਲ 45 ਦਿਨਾਂ ਦੇ ਅੰਦਰ-ਅੰਦਰ ਦੇਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਯਕਮੁਸ਼ਤ ਨਿਪਟਾਰਾ ਸਕੀਮ (ਓ ਟੀ ਐਸ) ਸਕੀਮ ਜਿਸਦਾ ਐਲਾਨ ਆਪ ਸਰਕਾਰ ਨੇ ਕੀਤਾ ਇਕ ਝਲਾਵਾ ਹੈ ਤੇ ਖਪਤਕਾਰ ਜਿਹਨਾਂ ਨੂੰ ਬਿੱਲ ਭੇਜੇ ਵੀ ਨਹੀਂ ਗਏ ਸਨ ਨੂੰ ਹੁਣ ਮੋਟੇ ਬਿੱਲ ਭਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ।
ਡਾ. ਦਲਜੀਤ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਸਕੀਮ ਨੇ ਆਪ ਸਰਕਾਰ ਦੇ ਦੋਗਲੇ ਕਿਰਦਾਰ ਨੂੰ ਨੰਗਾ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ 90 ਫੀਸਦੀ ਖਪਤਕਾਰਾਂ ਨੂੰ ਜ਼ੀਰੋ ਬਿਜਲੀ ਬਿੱਲ ਆਏ ਹਨ ਤਾਂ ਫਿਰ ਇਹ 25 ਲੱਖ ਪਰਿਵਾਰ ਕੌਣ ਹਨ ਜਿਹਨਾਂ ਦੇ ਬਿੱਲ ਆਏ ਹਨ ? ਉਹਨਾਂ ਕਿਹਾ ਕਿ ਹੁਣ ਇਹਨਾਂ ਨੂੰ ਜ਼ੁਰਮਾਨੇ ਪਾ ਕੇ 516 ਕਰੋੜ ਰੁਪਏ ਦੇ ਬਿੱਲ ਕਿਉਂ ਭੇਜੇ ਜਾ ਰਹੇ ਹਨ ?
ਅਕਾਲੀ ਆਗੂ ਨੇ ਕਿਹਾ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਆਪ ਸਰਕਾਰ ਨੇ ਪਹਿਲਾਂ ਬਿਜਲੀ ਬਿੱਲਾਂ ਦੇ ਮਾਮਲੇ ’ਤੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਤੇ ਮੁਫਤ ਬਿਜਲੀ ਸਪਲਾਈ ਸਕੀਮ ਸਿਰਫ ਇਕ ਸਿਆਸੀ ਜੁਮਲਾ ਹੈ। ਉਹਨਾਂ ਕਿਹਾ ਕਿ ਇਹਨਾਂ ਖਪਤਕਾਰਾਂ ਨੂੰ ਹੁਣ ਅਸਲ ਬਕਾਏ ਦੱਸੇ ਜਾ ਰਹੇ ਹਨ ਤੇ ਪਾਵਰਕਾਮ ਬਿੱਲ ਨਾ ਤਾਰਨ ’ਤੇ ਉਹਨਾਂ ਦੇ ਕੁਨੈਕਸ਼ਨ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਡਾ. ਚੀਮਾ ਨੇ ਮੰਗ ਕੀਤੀ ਕਿ ਸਰਕਾਰ ਇਸ ਬਿੱਲ ਭੇਜਣ ਦੇ ਮਾਮਲੇ ਦੀ ਸਾਰੀ ਜਾਣਕਾਰੀ ਵਿਸਥਾਰ ਨਾਲ ਸਾਂਝੀ ਕਰੇ। ਉਹਨਾਂ ਕਿਹਾ ਕਿ ਸਰਕਾਰ ਨੂੰ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੰਜਾਬ ਜਵਾਬ ਮੰਗਦਾ ਹੈ, ਡਰਾਮੇਬਾਜ਼ੀ ਨਹੀਂ।
- Download Babushahi App
-
-