ਸਫਾਈ ਸੇਵਕ ਯੂਨੀਅਨ ਜਗਰਾਉਂ ਦੀ ਚੋਣ; ਅਰੁਣ ਗਿੱਲ ਚੌਥੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ
10 ਸਾਲਾਂ ਦੀਆਂ ਬੇਦਾਗ਼ ਤੇ ਨਿਧੜਕ ਸੇਵਾਵਾਂ ਨੂੰ ਦੇਖਦਿਆਂ ਸਫਾਈ ਸੇਵਕਾਂ ਨੇ ਮੁੜ ਸੌਂਪੀ ਵੱਡੀ ਜ਼ਿੰਮੇਵਾਰੀ
ਜਗਰਾਉਂ, 13 ਅਗਸਤ 2026(ਦੀਪਕ ਜੈਨ)
ਨਗਰ ਕੌਂਸਲ ਜਗਰਾਉਂ ਅੰਦਰ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਦੀ ਮਿਆਦ ਪੂਰੀ ਹੋਣ ਉਪਰੰਤ ਅੱਜ ਯੂਨੀਅਨ ਦੀ ਚੋਣ ਕਰਵਾਈ ਗਈ। ਚੋਣ ਪ੍ਰਕਿਰਿਆ ਵਿੱਚ ਵੱਡੀ ਗਿਣਤੀ ਵਿੱਚ ਸਫਾਈ ਸੇਵਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਚੋਣ ਦੌਰਾਨ ਸਫਾਈ ਸੇਵਕਾਂ ਨੇ ਸਰਬਸੰਮਤੀ ਨਾਲ ਹੱਥ ਖੜ੍ਹੇ ਕਰਕੇ ਅਰੁਣ ਗਿੱਲ ਨੂੰ ਲਗਾਤਾਰ ਚੌਥੀ ਵਾਰ ਸਫਾਈ ਸੇਵਕ ਯੂਨੀਅਨ ਜਗਰਾਉਂ ਦਾ ਪ੍ਰਧਾਨ ਚੁਣ ਲਿਆ। ਇਸ ਮੌਕੇ ਸਫਾਈ ਸੇਵਕਾਂ ਨੇ ਕਿਹਾ ਕਿ ਅਰੁਣ ਗਿੱਲ ਨੇ ਪਿਛਲੇ ਕਰੀਬ 10 ਸਾਲਾਂ ਦੌਰਾਨ ਨਿਧੜਕ, ਇਮਾਨਦਾਰੀ ਅਤੇ ਬੇਦਾਗ਼ ਢੰਗ ਨਾਲ ਯੂਨੀਅਨ ਦੀ ਅਗਵਾਈ ਕਰਦਿਆਂ ਸਫਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਅਤੇ ਹੱਕਾਂ ਲਈ ਲਗਾਤਾਰ ਆਵਾਜ਼ ਬੁਲੰਦ ਕੀਤੀ ਹੈ।
ਸਫਾਈ ਸੇਵਕਾਂ ਨੇ ਉਮੀਦ ਜਤਾਈ ਕਿ ਅਰੁਣ ਗਿੱਲ ਭਵਿੱਖ ਵਿੱਚ ਵੀ ਸਫਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਅਤੇ ਉਨ੍ਹਾਂ ਨਾਲ ਸਬੰਧਤ ਮਸਲਿਆਂ ਨੂੰ ਪਹਿਲਾਂ ਨਾਲੋਂ ਹੋਰ ਵੀ ਜ਼ੋਰਦਾਰ ਢੰਗ ਨਾਲ ਉਠਾ ਕੇ ਉਨ੍ਹਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ।
ਇਸ ਦੇ ਨਾਲ ਹੀ ਸਨੀ ਪੁੱਤਰ ਸੁੰਦਰ ਨੂੰ ਮੀਤ ਪ੍ਰਧਾਨ ਅਤੇ ਰਜਿੰਦਰ ਕੁਮਾਰ ਨੂੰ ਕੈਸ਼ੀਅਰ ਚੁਣਿਆ ਗਿਆ। ਬਾਕੀ ਅਹੁਦੇਦਾਰਾਂ ਦੀ ਚੋਣ ਕਰਨ ਦੇ ਸਾਰੇ ਅਧਿਕਾਰ ਸਰਬਸੰਮਤੀ ਨਾਲ ਪ੍ਰਧਾਨ ਅਰੁਣ ਗਿੱਲ ਨੂੰ ਸੌਂਪ ਦਿੱਤੇ ਗਏ।
ਚੋਣ ਦੌਰਾਨ ਸਫਾਈ ਸੇਵਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਨਵੇਂ ਚੁਣੇ ਗਏ ਪ੍ਰਧਾਨ ਅਤੇ ਅਹੁਦੇਦਾਰਾਂ ਨੂੰ ਨੋਟਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਅਰੁਣ ਗਿੱਲ ਦੇ ਹੱਕ ਵਿੱਚ ਜ਼ੋਰਦਾਰ ਨਾਅਰੇ ਲਗਾਏ ਗਏ।
ਚੌਥੀ ਵਾਰ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਅਰੁਣ ਗਿੱਲ ਨੇ ਸਮੂਹ ਸਫਾਈ ਸੇਵਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ, ਵਚਨਬੱਧਤਾ ਅਤੇ ਮਿਹਨਤ ਨਾਲ ਨਿਭਾਉਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਸਫਾਈ ਸੇਵਕਾਂ ਦੀਆਂ ਜਾਇਜ਼ ਮੰਗਾਂ, ਹੱਕਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਉਹ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਅਤੇ ਲਗਨ ਨਾਲ ਕੰਮ ਕਰਨਗੇ।
ਚੋਣ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਸਮੂਹ ਸਫਾਈ ਸੇਵਕਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਨਵੇਂ ਚੁਣੇ ਪ੍ਰਧਾਨ ਤੇ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
- Download Babushahi App
-
-