ਵੱਡੀ ਖ਼ਬਰ: ਅਕਾਲੀ ਦਲ ਦੇ ਹਲਕਾ ਇੰਚਾਰਜ ਖ਼ਿਲਾਫ਼ ਪੋਕਸੋ ਐਕਟ ਤਹਿਤ FIR ਦਰਜ
ਸਾਢੇ 14 ਸਾਲ ਦੀ ਨਾਬਾਲਗ ਕੁੜੀ ਨਾਲ ਜਿਣਸੀ ਸ਼ੋਸ਼ਣ, ਬੰਧਕ ਬਣਾਉਣ ਅਤੇ ਕੁੱਟਮਾਰ ਦੇ ਸੰਗੀਨ ਦੋਸ਼
Babushahi Network
ਮੋਹਾਲੀ, 17 ਮਈ 2026- ਮਟੌਰ ਥਾਣਾ ਪੁਲਿਸ ਨੇ ਇੱਕ ਬੇਹੱਦ ਸੰਵੇਦਨਸ਼ੀਲ ਅਤੇ ਹਾਈ-ਪ੍ਰੋਫਾਈਲ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਦਾਖਾ ਦੇ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਅਤੇ ਪੋਕਸੋ (POCSO) ਐਕਟ ਦੀ ਧਾਰਾ 6 ਤਹਿਤ ਮੁਕੱਦਮਾ ਦਰਜ ਕੀਤਾ ਹੈ।
ਦਰਜ ਕਰਵਾਈ ਗਈ ਐਫ.ਆਈ.ਆਰ. (FIR) ਮੁਤਾਬਕ ਪੀੜਤ ਕੁੜੀ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮ ਜਸਕਰਨਜੀਤ ਸਿੰਘ ਦਿਓਲ ਨੇ ਪਹਿਲਾਂ ਪਰਿਵਾਰ ਦੇ ਭਰੋਸੇ ਦਾ ਨਾਜਾਇਜ਼ ਫਾਇਦਾ ਉਠਾਇਆ। ਉਸ ਨੇ ਸ਼ਿਕਾਇਤ ਵਿੱਚ ਕਿਹਾ, "ਦੋਸ਼ੀ ਨੇ ਪਹਿਲਾਂ ਮੇਰੀ ਪਤਨੀ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਸ ਨਾਲ ਨਜਾਇਜ਼ ਸਬੰਧ ਬਣਾਏ ਅਤੇ ਮੇਰਾ ਹੱਸਦਾ-ਖੇਡਦਾ ਘਰ ਬਰਬਾਦ ਕਰ ਦਿੱਤਾ। ਇਸ ਤੋਂ ਬਾਅਦ ਉਹ ਅਕਤੂਬਰ 2024 ਵਿੱਚ ਉਨ੍ਹਾਂ ਨੂੰ ਵਰਗਲਾ ਕੇ ਮੋਹਾਲੀ ਦੇ ਇੱਕ ਫਲੈਟ ਵਿੱਚ ਲੈ ਆਇਆ, ਜਿੱਥੇ ਮੇਰੀਆਂ ਦੋਵੇਂ ਧੀਆਂ ਵੀ ਰਹਿ ਰਹੀਆਂ ਸਨ। ਹੁਣ ਉਸ ਨੇ ਮੇਰੀ ਸਾਢੇ 14 ਸਾਲ ਦੀ ਮਾਸੂਮ ਧੀ ਦੀ ਜ਼ਿੰਦਗੀ ਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।"
ਸ਼ਿਕਾਇਤਕਰਤਾ ਪਿਤਾ ਅਨੁਸਾਰ, ਜਦੋਂ ਉਸ ਦੀ ਨਾਬਾਲਗ ਧੀ ਨੂੰ ਸਕੂਲ ਦੇ ਹੋਸਟਲ ਤੋਂ ਘਰ ਵਾਪਸ ਲਿਆਂਦਾ ਜਾ ਰਿਹਾ ਸੀ, ਤਾਂ ਮੁਲਜ਼ਮ ਜਸਕਰਨਜੀਤ ਦਿਓਲ ਉਸ ਨੂੰ ਘਰ ਲਿਜਾਣ ਦੀ ਬਜਾਏ ਜ਼ਬਰਦਸਤੀ ਇੱਕ ਹੋਟਲ ਵਿੱਚ ਲੈ ਗਿਆ। ਉੱਥੇ ਉਸ ਨੇ ਮਾਸੂਮ ਧੀ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਉਸ ਦਾ ਜਿਣਸੀ ਸ਼ੋਸ਼ਣ ਕਰਨ ਦਾ ਯਤਨ ਕੀਤਾ।
ਜਦੋਂ ਮਾਸੂਮ ਧੀ ਨੇ ਇਸ ਦਾ ਵਿਰੋਧ ਕੀਤਾ, ਤਾਂ ਮੁਲਜ਼ਮ ਨੇ ਉਸ ਨੂੰ ਬੰਧਕ ਬਣਾ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ, ਮੁਲਜ਼ਮ ਨੇ ਧੀ ਨੂੰ ਬੁਰੀ ਤਰ੍ਹਾਂ ਡਰਾਇਆ-ਧਮਕਾਇਆ ਅਤੇ ਕਿਹਾ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਵੀ ਦੱਸਿਆ, ਤਾਂ ਉਹ ਗੈਂਗਸਟਰਾਂ ਤੋਂ ਉਸ ਦੇ ਪਿਤਾ ਨੂੰ ਜਾਨੋਂ ਮਾਰ ਮੁਕਾਏਗਾ।
ਮੁਲਜ਼ਮ ਦੇ ਲਗਾਤਾਰ ਡਰ, ਤਸ਼ੱਦਦ ਅਤੇ ਬੰਧਨ ਤੋਂ ਤੰਗ ਆ ਕੇ ਬੀਤੀ 9 ਮਈ ਨੂੰ ਪੀੜਤ ਨਾਬਾਲਗ ਕੁੜੀ ਕਿਸੇ ਤਰ੍ਹਾਂ ਆਪਣੇ ਪਿਤਾ ਕੋਲ ਪਹੁੰਚਣ ਵਿੱਚ ਕਾਮਯਾਬ ਹੋਈ। ਉਸ ਨੇ ਰੋਂਦੇ ਹੋਏ ਪਿਤਾ ਨੂੰ ਆਪਣੀ ਸਾਰੀ ਹੱਡਬੀਤੀ ਅਤੇ ਹਾਲਾਤ ਬਿਆਨ ਕੀਤੇ। ਪਿਤਾ ਨੇ ਤੁਰੰਤ ਇਸ ਦੀ ਸੂਚਨਾ ਮੋਹਾਲੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮਟੌਰ ਥਾਣਾ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- Download Babushahi App
-
-