ਵ੍ਰਿੰਦਾਵਨ ਹਾਦਸਾ:ਪੰਜ ਸਿਵਿਆਂ ਦੀ ਅੱਗ ਨੇ ਤਾਜ਼ਾ ਕੀਤੇ 'ਸੋਈਆਂ ਰੇਲ ਕਾਂਡ' ਤੇ '31 ਦਸੰਬਰ' ਦੇ ਪੁਰਾਣੇ ਜ਼ਖ਼ਮ
ਜਗਰਾਉਂ (ਦੀਪਕ ਜੈਨ)
ਦੋ ਦਿਨ ਪਹਿਲਾਂ ਵ੍ਰਿੰਦਾਵਨ ਵਿੱਚ ਵਾਪਰੇ ਦਿਲ-ਕੰਬਾਊ ਕਿਸ਼ਤੀ ਹਾਦਸੇ ਨੇ ਜਗਰਾਉਂ ਸ਼ਹਿਰ 'ਤੇ ਦੁੱਖਾਂ ਦਾ ਅਜਿਹਾ ਪਹਾੜ ਸੁੱਟਿਆ ਹੈ, ਜਿਸਨੇ ਹਰ ਅੱਖ ਨੂੰ ਨਮ ਕਰ ਦਿੱਤਾ ਹੈ। ਹਾਦਸੇ ਵਿੱਚ ਆਪਣੀਆਂ ਕੀਮਤੀ ਜਾਨਾਂ ਗਵਾਉਣ ਵਾਲੇ ਪੰਜ ਸ਼ਰਧਾਲੂਆਂ ਦੀ ਮੌਤ ਦੀ ਖ਼ਬਰ ਜਿਵੇਂ ਹੀ ਸ਼ਹਿਰ ਪੁੱਜੀ, ਤਾਂ ਪੂਰਾ ਜਗਰਾਉਂ ਸੋਗ ਵਿੱਚ ਡੁੱਬ ਗਿਆ ਅਤੇ ਹਰ ਕੋਈ ਰੱਬ ਦੇ ਇਸ ਭਾਣੇ 'ਤੇ ਸੁੰਨ ਦਿਖਾਈ ਦਿੱਤਾ। ਡੱਲਾ ਰੋਡ ਸਥਿਤ ਸ਼ਮਸ਼ਾਨਘਾਟ ਵਿੱਚ ਜਦੋਂ ਇਨ੍ਹਾਂ ਪੰਜਾਂ ਸ਼ਰਧਾਲੂਆਂ ਦੇ ਸਿਵੇ ਇੱਕੋ ਵੇਲੇ ਬਲਦੇ ਦਿਖਾਈ ਦਿੱਤੇ, ਤਾਂ ਸ਼ਹਿਰ ਦੇ ਪੁਰਾਣੇ ਵਸਨੀਕਾਂ ਦੇ ਜ਼ਹਿਨ ਵਿੱਚ ਲਗਭਗ 35 ਸਾਲ ਪੁਰਾਣੇ 1991 ਦੇ 'ਸੋਈਆਂ ਰੇਲ ਕਾਂਡ' ਅਤੇ ਕਈ ਸਾਲ ਪਹਿਲਾਂ 31 ਦਸੰਬਰ ਦੀ ਰਾਤ ਨੂੰ ਨੌਜਵਾਨਾਂ ਨਾਲ ਵਾਪਰੇ ਭਿਆਨਕ ਸੜਕ ਹਾਦਸੇ ਦੀਆਂ ਕਾਲੀਆਂ ਯਾਦਾਂ ਮੁੜ ਸੁਰਜੀਤ ਹੋ ਗਈਆਂ। ਕਈ ਦਹਾਕਿਆਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਸ਼ਹਿਰ ਨੇ ਇਕੱਠੇ ਇੰਨੀਆਂ ਜਾਨਾਂ ਗਵਾਈਆਂ ਹਨ। ਇਸ ਔਖੀ ਘੜੀ ਵਿੱਚ ਜਿੱਥੇ ਪੂਰਾ ਸ਼ਹਿਰ ਪੀੜਤ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ, ਉੱਥੇ ਹੀ ਇਕੱਠੇ ਬਲਦੇ ਇਨ੍ਹਾਂ ਸਿਵਿਆਂ ਨੇ ਸ਼ਹਿਰ ਵਾਸੀਆਂ ਦੇ ਦਿਲਾਂ 'ਤੇ ਲੱਗੇ ਪੁਰਾਣੇ ਜ਼ਖ਼ਮਾਂ ਨੂੰ ਮੁੜ ਤੋਂ ਹਰਾ ਕਰ ਦਿੱਤਾ ਹੈ।
Click to Follow Babushahi Facebook page →