ਵਿਜੀਲੈਂਸ ਨੇ ਸਿੱਧਵਾਂ ਬੇ ਹਸਪਤਾਲ ਦੀ ਐਸਐਮਓ ਤੇ ਕਲਰਕ ਨੂੰ ਵੱਢੀ ਲੈਂਦੇ ਰੰਗੇ ਹੱਥੀ ਕੀਤਾ ਕਾਬੂ
ਆਡਿਟ ਦੇ ਨਾਮ 'ਤੇ ਕੱਚੇ ਪੱਕੇ ਮੁਲਾਜ਼ਮਾਂ ਤੋਂ ਕੀਤੀ ਜਾਂਦੀ ਸੀ ਨਜਾਇਜ਼ ਵਸੂਲੀ
ਦੀਪਕ ਜੈਨ
ਸਿੱਧਵਾਂ ਬੇਟ, 30 ਜਨਵਰੀ : ਸਿੱਧਵਾਂ ਬੇਟ ਦੇ ਸਰਕਾਰੀ ਹਸਪਤਾਲ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਵਿਜੀਲੈਂਸ ਟੀਮ ਨੇ ਅਚਾਨਕ ਛਾਪਾ ਮਾਰਿਆ ਅਤੇ ਐਸਐਮਓ ਸਮੇਤ ਦੋ ਅਧਿਕਾਰੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ। ਇਸ ਕਾਰਵਾਈ ਨੇ ਪੂਰੇ ਹਸਪਤਾਲ ਕੈਂਪਸ ਵਿੱਚ ਹੜਕੰਪ ਮਚਾ ਦਿੱਤਾ।
ਰਿਪੋਰਟਾਂ ਅਨੁਸਾਰ, ਸਿੱਧਵਾਂ ਬੇਟ ਹਸਪਤਾਲ ਦੇ ਐਸਐਮਓ ਹਰਕੀਰਤ ਗਿੱਲ ਨੇ ਆਡਿਟ ਦੇ ਨਾਮ 'ਤੇ ਹਸਪਤਾਲ ਦੇ ਅਧਿਕਾਰ ਖੇਤਰ ਅਧੀਨ ਲਗਭਗ 25 ਡਿਸਪੈਂਸਰੀਆਂ ਸਮੇਤ ਸਥਾਨਕ ਹਸਪਤਾਲ ਵਿੱਚ ਤਾਇਨਾਤ ਲਗਭਗ 125 ਕਰਮਚਾਰੀਆਂ ਤੋਂ ਗੈਰ-ਕਾਨੂੰਨੀ ਤੌਰ 'ਤੇ ਪੈਸੇ ਵਸੂਲਣ ਦਾ ਦੋਸ਼ ਹੈ। ਇਕੱਤਰ ਜਾਣਕਾਰੀ ਮੁਤਾਬਿਕ ਸਿਹਤ ਮਹਿਕਮੇ ਵਿੱਚ ਡਿਊਟੀ ਕਰਦੇ ਰੈਗੂਲਰ ਅਤੇ ਠੇਕਾ ਮੁਲਾਜ਼ਮਾਂ ਪਾਸੋਂ 4,000 ਤੋਂ ਲੈ ਕੇ 10,000 ਰੁਪਏ ਤੱਕ ਦੀ ਮੰਗ ਕੀਤੀ ਜਾ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਗੈਰ-ਕਾਨੂੰਨੀ ਜਬਰਦਸਤੀ ਉਗਰਾਹੀ ਤੋਂ ਪ੍ਰੇਸ਼ਾਨ ਇੱਕ ਮੁਲਾਜ਼ਮ ਨੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਬਲਕਾਰ ਸਿੰਘ ਸਿੱਧੂ ਨਾਲ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਡਾਕਟਰ ਕੇ. ਐਨ. ਐਸ. ਕੰਗ ਦੇ ਧਿਆਨ ਵਿੱਚ ਸਾਰੇ ਮਾਮਲੇ ਦੀ ਜਾਣਕਾਰੀ ਲਿਆਂਦੀ ਤਾਂ ਡਾਕਟਰ ਕੰਗ ਨੇ ਮਾਮਲੇ ਨੂੰ ਗੰਭੀਰ ਸਮਝਦਿਆਂ ਵਿਜੀਲੈਂਸ ਵਿਭਾਗ ਨੂੰ ਸੂਚਿਤ ਕੀਤਾ।
ਐਸਐਸਪੀ
ਵਿਜੀਲੈਂਸ ਲੁਧਿਆਣਾ ਦੀ ਟੀਮ ਨੇ ਇੱਕ ਸੋਚੀ-ਸਮਝੀ ਯੋਜਨਾ ਅਨੁਸਾਰ ਆਪਣਾ ਜਾਲ ਵਿਛਾਇਆ । ਵਿਜੀਲੈਂਸ ਟੀਮ ਨੇ ਪਾਊਡਰ ਲੱਗੇ ਪੈਸੇ ਉਕਤ ਮੁਲਾਜ਼ਮਾ ਪਾਸ ਭੇਜੇ । ਜਿਵੇਂ ਹੀ ਸਹਾਇਕ ਕਲਰਕ ਸਤਵਿੰਦਰ ਸਿੰਘ ਨੇ ਪੈਸੇ ਲੈ ਕੇ ਐਸਐਮਓ ਹਰਕੀਰਤ ਗਿੱਲ ਨੂੰ ਸੌਂਪੇ, ਵਿਜੀਲੈਂਸ ਟੀਮ ਨੇ ਮੌਕੇ 'ਤੇ ਛਾਪਾ ਮਾਰਿਆ ਅਤੇ ਦੋਵਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਵਿਜੀਲੈਂਸ ਵਿਭਾਗ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਆਪਣੇ ਨਾਲ ਲੁਧਿਆਣਾ ਲੈ ਗਏ ਤਾਂ ਜੋ ਅਗਲੇਰੀ ਪੁੱਛਗਿੱਛ ਕੀਤੀ ਜਾ ਸਕੇ । ਮਾਮਲੇ ਦੇ ਹੋਰ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਿੱਥੇ ਸਿੱਧਵਾਂ ਬੇਟ ਦੇ ਵਸਨੀਕ ਵਿਜੀਲੈਂਸ ਦੀ ਕਾਰਵਾਈ ਤੋਂ ਸੰਤੁਸ਼ਟ ਦਿਖਾਈ ਦੇ ਰਹੇ ਹਨ, ਉੱਥੇ ਹੀ ਹਸਪਤਾਲ ਪ੍ਰਸ਼ਾਸਨ ਅਤੇ ਸਟਾਫ਼ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਹੋਰ ਵੱਡੇ ਖੁਲਾਸੇ ਸਾਹਮਣੇ ਆ ਸਕਦੇ ਹਨ।
*ਕੀ ਕਹਿਣਾ ਹੈ ਇਸ ਸਬੰਧੀ ਡਾਂ ਕੰਗ ਦਾ*
ਜਦੋਂ ਇਸ ਸਾਰੇ ਮਾਮਲੇ ਸਬੰਧੀ ਹਲਕਾ ਦਾਖਾ ਦੇ ਆਪ ਇੰਚਾਰਜ ਡਾਕਟਰ ਕੇ ਐਨਐਸ ਕੰਗ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਿੱਚ ਭਰਿਸ਼ਟਾਚਾਰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੋ ਅਫਸਰ ਸਰਕਾਰ ਦੀ ਇਮੇਜ ਨੂੰ ਖਰਾਬ ਕਰਨ ਵਿੱਚ ਲੱਗੇ ਹੋਏ ਹਨ ਉਹਨਾਂ ਤੇ ਇਸੇ ਤਰਾਂ ਐਕਸ਼ਨ ਕੀਤਾ ਜਾਵੇਗਾ , ਉਹਨਾਂ ਕਿਹਾ ਕਿ ਕਿਸੇ ਵੀ ਭ੍ਰਿਸ਼ਟ ਅਫਸਰ ਨੂੰ ਬਖਸ਼ਿਆ ਨਹੀਂ ਜਾਵੇਗਾ , ਯਾਦ ਰਹੇ ਕਿ ਡਾਕਟਰ ਕੰਗ ਨੇ ਇਸ ਤੋਂ ਪਹਿਲਾਂ ਵੀ ਸਥਾਨਕ ਬੀਡੀਪੀਓ ਨੂੰ ਵੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਸੀ।