ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ: 300 ਗ੍ਰਾਮ ਹੈਰੋਇਨ ਸਮੇਤ ਦੋਸ਼ੀ ਕਾਬੂ, ਪਿਸਤੌਲ ਵੀ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ, 25 ਅਪ੍ਰੈਲ 2026- ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸਦੇ ਕੋਲੋਂ 300 ਗ੍ਰਾਮ ਹੈਰੋਇਨ, ਇੱਕ ਗੈਰਕਾਨੂੰਨੀ ਪਿਸਤੌਲ (9x19 ਬੋਰ) ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਪੁਲਿਸ ਜਾਣਕਾਰੀ ਮੁਤਾਬਕ ਇਹ ਕਾਰਵਾਈ 23 ਅਪ੍ਰੈਲ 2026 ਨੂੰ ਕੀਤੀ ਗਈ, ਜਿਸ ਦੌਰਾਨ ਗੁਪਤ ਸੂਚਨਾ ਦੇ ਆਧਾਰ ‘ਤੇ ਦੋਸ਼ੀ ਨੂੰ ਕਾਬੂ ਕੀਤਾ ਗਿਆ। ਮੁਲਜ਼ਮ ਖਿਲਾਫ਼ ਥਾਣਾ ਡਿਵੀਜ਼ਨ ਨੰਬਰ-2 ਵਿੱਚ ਮਾਮਲਾ ਦਰਜ ਕਰਕੇ ਅਗਲੇ ਤਫਤੀਸ਼ੀ ਕਦਮ ਸ਼ੁਰੂ ਕਰ ਦਿੱਤੇ ਗਏ ਹਨ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਖਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿਸ ਵਿੱਚ ਨਸ਼ਾ ਤਸਕਰੀ ਅਤੇ ਹੋਰ ਗੰਭੀਰ ਧਾਰਾਵਾਂ ਸ਼ਾਮਲ ਹਨ। ਪੁਲਿਸ ਦੇ ਰਿਕਾਰਡ ਅਨੁਸਾਰ ਉਸ ‘ਤੇ ਵੱਖ-ਵੱਖ ਥਾਣਿਆਂ ਵਿੱਚ ਕਈ ਕੇਸ ਦਰਜ ਹਨ।
ਮੁਲਜ਼ਮ ਖਿਲਾਫ਼ NDPS ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਜੋ ਹੋਰ ਸਾਥੀਆਂ ਅਤੇ ਨਸ਼ਾ ਜਾਲ ਬਾਰੇ ਖੁਲਾਸੇ ਹੋ ਸਕਣ। ਲੁਧਿਆਣਾ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
Click to Follow Babushahi Facebook page →