ਲਾਲ ਕਿਲ੍ਹਾ ਵਿਖੇ 350 ਸਾਲਾ ਸ਼ਹਾਦਤ ਗੁਰਮਤਿ ਸਮਾਗਮਾਂ ਦੀ ਰੂਹਾਨੀ ਸਮਾਪਤੀ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 26 ਨਵੰਬਰ, 2025 : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦਸਿਆ ਹੈ ਕਿ ਦਿੱਲੀ ਸਰਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਨਾਲ ਸ਼ਹੀਦ ਹੋਏ ਮਹਾਨ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੂਹਾਨੀ ਗੁਰਮਤਿ ਸਮਾਗਮ ਦਾ ਆਖਰੀ ਦਿਨ 25 ਨਵੰਬਰ 2025 ਨੂੰ ਲਾਲ ਕਿਲ੍ਹਾ ਮੈਦਾਨ ਵਿਖੇ ਅਤਿ ਸ਼ਰਧਾ ਨਾਲ ਸੰਪੂਰਨ ਹੋਇਆ।
ਉਨ੍ਹਾਂ ਦੱਸਿਆ ਕਿ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਪਹੁੰਚ ਕੇ ਬੇਅੰਤ ਸ਼ਰਧਾ, ਪਿਆਰ ਅਤੇ ਸਤਿਕਾਰ ਭੇਂਟ ਕੀਤਾ, ਜੋ ਗੁਰੂ ਸਾਹਿਬ ਲਈ ਕੌਮ ਦੇ ਅਟੁੱਟ ਭਰੋਸੇ ਅਤੇ ਸ਼ਰਧਾ ਦਾ ਜੀਉਂਦਾ ਸਬੂਤ ਹੈ। ਇਸ ਪਵਿੱਤਰ ਸਮਾਗਮ ਵਿੱਚ ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਨੇ ਬੜੇ ਸਤਿਕਾਰ ਨਾਲ ਹਾਜ਼ਰੀ ਭਰੀ। ਉਨ੍ਹਾਂ ਦੇ ਨਾਲ ਦਿੱਲੀ ਦੇ ਲੈਫਟੀਨੈਂਟ ਗਵਰਨਰ ਸ੍ਰੀ ਵਿਨੈ ਕੁਮਾਰ ਸਕਸੇਨਾ, ਕੇਂਦਰੀ ਮੰਤਰੀ ਸ੍ਰੀ ਹਰਦੀਪ ਸਿੰਘ ਪੂਰੀ, ਮੁੱਖ ਮੰਤਰੀ ਦਿੱਲੀ ਸਰਕਾਰ ਸ੍ਰੀਮਤੀ ਰੇਖਾ ਗੁਪਤਾ ਅਤੇ ਦਿੱਲੀ ਸਰਕਾਰ ਦੇ ਹੋਰ ਕੈਬਨਿਟ ਮੰਤਰੀਆਂ ਨੇ ਸਮੂਹ ਸੰਗਤ ਦੇ ਨਾਲ ਮਿਲ ਕੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਸ਼ਰਧਾ ਭਰੀ ਹਾਜ਼ਰੀ ਭਰੀ।
ਸਰਦਾਰ ਕਾਲਕਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਤੁੱਲ ਅਤੇ ਅਮਰ ਕੁਰਬਾਨੀ ਧਰਮ ਦੀ ਰੱਖਿਆ, ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਅਤੇ ਸਰਬੱਤ ਦੇ ਭਲੇ ਲਈ ਦਿੱਤੀ ਗਈ ,ਸ਼ਹਾਦਤ ਪੂਰੀ ਮਨੁੱਖਤਾ ਲਈ ਨਿਡਰਤਾ, ਅਡਿੱਗਤਾ, ਸੇਵਾ ਅਤੇ ਸੱਚਾਈ ਦੇ ਰਸਤੇ ’ਤੇ ਤੁਰਨ ਦਾ ਅਨਮੋਲ ਪ੍ਰੇਰਨਾ ਸਰੋਤ ਹੈ।” ਉਨ੍ਹਾਂ ਕਿਹਾ ਕਿ ਇਹ ਰੂਹਾਨੀ ਸਮਾਗਮ ਸਾਡੇ ਮਨਾਂ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਦੀ ਜੋਤ ਨੂੰ ਹੋਰ ਚਮਕਾਉਂਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੱਚ, ਨਿਆਂ ਅਤੇ ਮਨੁੱਖਤਾ ਦੀ ਰੱਖਿਆ ਦੇ ਮਾਰਗ ’ਤੇ ਤੁਰਨ ਦੀ ਪ੍ਰੇਰਣਾ ਦੇਂਦਾ ਰਹੇਗਾ।