ਰੇਲਵੇ ਲਾਈਨ ਧਮਾਕੇ ਦੇ ਮੁਲਜ਼ਮਾਂ ਨੂੰ ਕਾਬੂ ਕਰਨ ਵਾਲੇ ਹੌਲਦਾਰ ਅਮਨਦੀਪ ਸਿੰਘ ਟੀਮ ਸਮੇਤ ਸਨਮਾਨਿਤ
ਡੀਜੀਪੀ (ਰੇਲਵੇ) ਸ਼ਸ਼ੀ ਪ੍ਰਭਾ ਦਿਵੇਦੀ ਨੇ ਕੀਤਾ ਸਨਮਾਨਿਤ, ਪ੍ਰਸ਼ੰਸਾ ਪੱਤਰ ਤੇ ਨਕਦ ਇਨਾਮ ਦਿੱਤਾ
ਰਵਿੰਦਰ ਢਿੱਲੋਂ
ਖੰਨਾ 21 ਅਗਸਤ )-ਸਰਹਿੰਦ ਵਿਖੇ ਡੈਡੀਕੇਟਿਡ ਫ੍ਰੇਟ ਕੋਰੀਡੋਰ ’ਤੇ 23 ਜਨਵਰੀ 2026 ਨੂੰ ਹੋਏ ਆਈਈਡੀ ਧਮਾਕੇ ਦੇ ਮਾਮਲੇ ਦੀ ਜਾਂਚ ਅਤੇ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਰੇਲਵੇ ਪੁਲਿਸ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਰੇਲਵੇ ਪੁਲਿਸ ਦੀ ਕਾਰਵਾਈ ਵਿੱਚ ਟੀਮ ਦੇ ਮੈਂਬਰਾਂ ਦੀ ਮਿਹਨਤ ਅਤੇ ਮਹੱਤਵਪੂਰਨ ਯੋਗਦਾਨ ਨੂੰ ਦੇਖਦਿਆਂ ਡੀਜੀਪੀ (ਰੇਲਵੇ) ਸ਼ਸ਼ੀ ਪ੍ਰਭਾ ਦਿਵੇਦੀ ਨੇ ਪੁਲਿਸ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਸਨਮਾਨਿਤ ਪੁਲਿਸ ਟੀਮ ਵਿੱਚ ਖੰਨਾ ਦੇ ਪਿੰਡ ਸੇਹ ਦੇ ਰਹਿਣ ਵਾਲੇ ਹੌਲਦਾਰ ਅਮਨਦੀਪ ਸਿੰਘ ਵੀ ਸ਼ਾਮਲ ਹਨ। ਹੌਲਦਾਰ ਅਮਨਦੀਪ ਸਿੰਘ ਇਸ ਸਮੇਂ ਜੀਆਰਪੀ ਖੰਨਾ ਵਿਖੇ ਤਾਇਨਾਤ ਹਨ। ਉਨ੍ਹਾਂ ਨੇ ਮਾਮਲੇ ਦੀ ਜਾਂਚ ਦੌਰਾਨ ਅਹਿਮ ਭੂਮਿਕਾ ਨਿਭਾਈ ਅਤੇ ਟੀਮ ਨਾਲ ਮਿਲ ਕੇ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਸਹਿਯੋਗ ਦਿੱਤਾ। ਉਨ੍ਹਾਂ ਦੀ ਕਾਰਜਕੁਸ਼ਲਤਾ ਅਤੇ ਜਾਂਚ ਵਿੱਚ ਯੋਗਦਾਨ ਨੂੰ ਦੇਖਦਿਆਂ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਹੌਲਦਾਰ ਅਮਨਦੀਪ ਸਿੰਘ ਇਸਤੋਂ ਪਹਿਲਾਂ ਜੀਆਰਪੀ ਲੁਧਿਆਣਾ ਤੋਂ ਇਲਾਵਾ ਐਸਐਸਪੀ ਦਫ਼ਤਰ ਖੰਨਾ ਅਤੇ ਦੋਰਾਹਾ ਥਾਣੇ ਵਿਖੇ ਵੀ ਸੇਵਾਵਾਂ ਨਿਭਾ ਚੁੱਕੇ ਹਨ। ਵੱਖ-ਵੱਖ ਥਾਵਾਂ ’ਤੇ ਪੁਲਿਸ ਵਿਭਾਗ ਵਿੱਚ ਸੇਵਾਵਾਂ ਦਿੰਦਿਆਂ ਉਨ੍ਹਾਂ ਨੇ ਆਪਣੇ ਫਰਜ਼ ਪ੍ਰਤੀ ਸਮਰਪਣ ਅਤੇ ਜ਼ਿੰਮੇਵਾਰੀ ਦਾ ਸਬੂਤ ਦਿੱਤਾ ਹੈ।ਜ਼ਿਕਰਯੋਗ ਹੈ ਕਿ 23 ਜਨਵਰੀ 2026 ਦੀ ਰਾਤ ਸਰਹਿੰਦ ਵਿਖੇ ਖਾਨਪੁਰ ਫਾਟਕ ਨੇੜੇ ਡੈਡੀਕੇਟਿਡ ਫ੍ਰੇਟ ਕੋਰੀਡੋਰ ਦੀ ਰੇਲਵੇ ਲਾਈਨ ’ਤੇ ਆਈਈਡੀ ਧਮਾਕਾ ਹੋਇਆ ਸੀ। ਧਮਾਕੇ ਕਾਰਨ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਲੋਕੋ ਪਾਇਲਟ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਸਾਹਮਣੇ ਆਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਜਾਂਚ ਸ਼ੁਰੂ ਕੀਤੀ ਸੀ।ਬਾਅਦ ਵਿੱਚ ਪੰਜਾਬ ਪੁਲਿਸ ਨੇ ਮਾਮਲੇ ਵਿੱਚ ਮਲੇਸ਼ੀਆ ਅਧਾਰਿਤ ਅੱਤਵਾਦੀ ਮਾਡਿਊਲ ਨਾਲ ਜੁੜੇ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਮੁਤਾਬਕ ਇਹ ਮਾਡਿਊਲ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜਿਆ ਹੋਇਆ ਸੀ। ਮਾਮਲੇ ਦੀ ਜਾਂਚ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਨੂੰ ਮਿਲਿਆ ਇਹ ਸਨਮਾਨ ਉਨ੍ਹਾਂ ਦੀ ਮਿਹਨਤ, ਬਹਾਦਰੀ ਅਤੇ ਸਮਰਪਣ ਦੀ ਸ਼ਲਾਘਾ ਵਜੋਂ ਦੇਖਿਆ ਜਾ ਰਿਹਾ ਹੈ।
- Download Babushahi App
-
-