ਰਾਸ਼ਟਰ ਨਿਰਮਾਣ ਨਾਲ ਨੌਜਵਾਨਾਂ ਨੂੰ ਜੋੜਨ ਲਈ ਸਘਣ ਰਜਿਸਟ੍ਰੇਸ਼ਨ ਅਤੇ ਜਾਗਰੂਕਤਾ ਮੁਹਿੰਮ
ਰੋਹਿਤ ਗੁਪਤਾ
ਗੁਰਦਾਸਪੁਰ, 7 ਜੁਲਾਈ
ਜ਼ਿਲ੍ਹਾ ਯੁਵਾ ਅਫ਼ਸਰ ਸੰਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੇਰਾ ਯੁਵਾ ਭਾਰਤ (MY Bharat) ਵੱਲੋਂ 1 ਜੁਲਾਈ ਤੋਂ 15 ਅਗਸਤ 2026 ਤੱਕ ਦੇਸ਼ ਭਰ ਵਿੱਚ ਸਘਣ ਰਜਿਸਟ੍ਰੇਸ਼ਨ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ ਵੱਧ ਤੋਂ ਵੱਧ ਨੌਜਵਾਨਾਂ ਨੂੰ MY Bharat ਪੋਰਟਲ ਨਾਲ ਜੋੜ ਕੇ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਭਾਗੀਦਾਰ ਬਣਾਉਣਾ ਹੈ।
ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਜ਼ਿਲ੍ਹੇ ਦੇ ਕਾਲਜਾਂ, ਯੂਨੀਵਰਸਿਟੀਆਂ, ਉਦਯੋਗਿਕ ਸਿਖਲਾਈ ਸੰਸਥਾਵਾਂ (ITI), ਸਕੂਲਾਂ, ਐਨ.ਐੱਸ.ਐੱਸ. ਇਕਾਈਆਂ, ਨਹਿਰੂ ਯੁਵਾ ਕੇਂਦਰ ਨਾਲ ਸੰਬੰਧਿਤ ਯੁਵਾ ਕਲੱਬਾਂ ਅਤੇ ਹੋਰ ਸਮਾਜਿਕ ਤੇ ਸਿੱਖਿਆ ਸੰਸਥਾਵਾਂ ਵਿੱਚ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ, ਜਾਗਰੂਕਤਾ ਪ੍ਰੋਗਰਾਮ, ਰੈਲੀਆਂ ਅਤੇ ਪ੍ਰਚਾਰ-ਪ੍ਰਸਾਰ ਗਤੀਵਿਧੀਆਂ ਰਾਹੀਂ ਚਲਾਈ ਜਾਵੇਗੀ। ਇਸ ਤੋਂ ਇਲਾਵਾ ਹੁਨਰ ਵਿਕਾਸ ਪ੍ਰੋਗਰਾਮਾਂ, ਸਫ਼ਾਈ ਮੁਹਿੰਮਾਂ, ਰੁੱਖ ਲਗਾਉਣ, ਖੂਨਦਾਨ ਕੈਂਪਾਂ, ਸਮਾਜਿਕ ਸੇਵਾ ਅਤੇ ਹੋਰ ਯੁਵਾ ਗਤੀਵਿਧੀਆਂ ਦੌਰਾਨ ਵੀ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ।
ਜ਼ਿਲ੍ਹਾ ਯੁਵਾ ਅਫ਼ਸਰ ਸੰਦੀਪ ਕੌਰ ਨੇ ਕਿਹਾ ਕਿ MY Bharat ਸਿਰਫ਼ ਇੱਕ ਰਜਿਸਟ੍ਰੇਸ਼ਨ ਪਲੇਟਫਾਰਮ ਨਹੀਂ, ਸਗੋਂ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਨਾਲ ਜੋੜਨ ਲਈ ਇੱਕ ਮਹੱਤਵਪੂਰਨ ਪਹਿਲ ਹੈ। ਇਸ ਪਲੇਟਫਾਰਮ ਰਾਹੀਂ ਨੌਜਵਾਨਾਂ ਨੂੰ ਸਵੈ-ਸੇਵਾ, ਲੀਡਰਸ਼ਿਪ ਵਿਕਾਸ, ਸ਼ਖਸੀਅਤ ਵਿਕਾਸ ਅਤੇ ਵੱਖ-ਵੱਖ ਸਰਕਾਰੀ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਭਾਗ ਲੈਣ ਦੇ ਮੌਕੇ ਪ੍ਰਾਪਤ ਹੋਣਗੇ।
ਉਨ੍ਹਾਂ ਜ਼ਿਲ੍ਹੇ ਦੇ ਸਾਰੇ ਕਾਲਜਾਂ, ਸਕੂਲਾਂ, ITI, ਯੁਵਾ ਕਲੱਬਾਂ, ਸਵੈ-ਸੇਵੀ ਸੰਸਥਾਵਾਂ ਅਤੇ 15 ਤੋਂ 29 ਸਾਲ ਦੇ ਸਾਰੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ www.mybharat.gov.in ’ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਨਾਲ ਇਹ ਮੁਹਿੰਮ ਸਫ਼ਲ ਹੋਵੇਗੀ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦਾ ਯੋਗਦਾਨ ਹੋਰ ਵੀ ਮਜ਼ਬੂਤ ਹੋਵੇਗਾ।
- Download Babushahi App
-
-