ਰਾਜਾਸਾਂਸੀ: ਭਿੰਡੀਆਂ ਸੈਦਾਂ ਕੁੱਟਮਾਰ ਮਾਮਲੇ 'ਚ ਸਿਆਸਤ ਭਖੀ; ਸੋਨੀਆ ਮਾਨ ਵੱਲੋਂ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਮੋਰਚਾ
ਕੁਲਵਿੰਦਰ ਸਿੰਘ
ਅੰਮ੍ਰਿਤਸਰ 27 ਅਪ੍ਰੈਲ 2026: ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਭਿੰਡੀਆਂ ਸੈਦਾਂ ਵਿੱਚ ਕਰੀਬ ਸੱਤ-ਅੱਠ ਮਹੀਨੇ ਪਹਿਲਾਂ ਹੋਏ ਖੂਨੀ ਟਕਰਾਅ ਦਾ ਮਾਮਲਾ ਇੱਕ ਵਾਰ ਫਿਰ ਭੱਖ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਸੱਤਾਧਾਰੀ ਆਮ ਆਦਮੀ ਪਾਰਟੀ (AAP) ਅਤੇ ਕਾਂਗਰਸ ਆਹਮੋ-ਸਾਹਮਣੇ ਆ ਗਈਆਂ ਹਨ, ਜਿਸ ਕਾਰਨ ਇਲਾਕੇ ਵਿੱਚ ਸਿਆਸੀ ਤਣਾਅ ਕਾਫ਼ੀ ਵਧ ਗਿਆ ਹੈ।
'ਆਪ' ਆਗੂ ਸੋਨੀਆ ਮਾਨ ਨੇ ਪੀੜਤਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦਿਆਂ ਪੁਲਿਸ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕੀਤੇ ਹਨ। ਸੋਨੀਆ ਮਾਨ ਅਨੁਸਾਰ ਹਮਲੇ ਦਾ ਮੁੱਖ ਮੁਲਜ਼ਮ ਸਰਜੀਤ ਸਰਪੰਚ ਅਜੇ ਵੀ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹੈ, ਜਦਕਿ ਮਾਨਯੋਗ ਹਾਈਕੋਰਟ ਵੱਲੋਂ ਵੀ ਉਸ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਦੀ ਰੰਜਿਸ਼ ਕਾਰਨ ਹੋਏ ਇਸ ਹਮਲੇ ਵਿੱਚ ਕਈ ਲੋਕ ਗੰਭੀਰ ਜ਼ਖ਼ਮੀ ਹੋਏ ਸਨ। ਇੱਕ ਵਿਅਕਤੀ ਦਾ ਬ੍ਰੇਨ ਆਪਰੇਸ਼ਨ ਕਰਵਾਉਣਾ ਪਿਆ ਅਤੇ ਕਈਆਂ ਦਾ ਇਲਾਜ ਅਮਨਦੀਪ ਹਸਪਤਾਲ ਵਿੱਚ ਚੱਲਿਆ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਸਿਆਸੀ ਦਬਾਅ ਕਾਰਨ ਪੁਲਿਸ ਮੁੱਖ ਮੁਲਜ਼ਮਾਂ ਨੂੰ ਹੱਥ ਪਾਉਣ ਤੋਂ ਗੁਰੇਜ਼ ਕਰ ਰਹੀ ਹੈ।
ਦੂਜੇ ਪਾਸੇ, ਮਾਮਲਾ ਉਦੋਂ ਹੋਰ ਸਿਆਸੀ ਰੂਪ ਧਾਰ ਗਿਆ ਜਦੋਂ ਕਣਕ ਦੀ ਵਾਢੀ ਦੇ ਮਸਲੇ ਨੂੰ ਲੈ ਕੇ ਕਾਂਗਰਸੀ ਵਰਕਰਾਂ ਨੇ ਅੰਮ੍ਰਿਤਸਰ ਦੇ ਭੰਡਾਰੀ ਪੁੱਲ 'ਤੇ ਧਰਨਾ ਦਿੱਤਾ। ਕਾਂਗਰਸ ਵੱਲੋਂ ਇਸ ਨੂੰ ਸਿਆਸੀ ਬਦਲਾਖੋਰੀ ਦੀ ਕਾਰਵਾਈ ਦੱਸਿਆ ਜਾ ਰਿਹਾ ਹੈ।
"ਜਲਦ ਹੋਣਗੀਆਂ ਗ੍ਰਿਫ਼ਤਾਰੀਆਂ"- DSP ਧਰਮਿੰਦਰ ਕਲਿਆਣ
ਮਾਮਲੇ ਦੀ ਜਾਂਚ ਕਰ ਰਹੇ DSP ਧਰਮਿੰਦਰ ਕਲਿਆਣ ਨੇ ਦੱਸਿਆ ਕਿ, ਇਹ ਦੋ ਧਿਰਾਂ ਵਿਚਾਲੇ ਆਪਸੀ ਝਗੜੇ ਦਾ ਮਾਮਲਾ ਸੀ ਜੋ ਬਾਅਦ ਵਿੱਚ ਹਿੰਸਕ ਰੂਪ ਧਾਰ ਗਿਆ। ਕੁਝ ਮੁਲਜ਼ਮਾਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਹਨ, ਪਰ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਕਿਸੇ ਵੀ ਦਬਾਅ ਹੇਠ ਨਹੀਂ ਹੈ ਅਤੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ।
ਭਿੰਡੀਆਂ ਸੈਦਾਂ ਦਾ ਇਹ ਮਾਮਲਾ ਹੁਣ ਸਿਰਫ਼ ਇੱਕ ਕਾਨੂੰਨੀ ਲੜਾਈ ਨਹੀਂ ਰਿਹਾ, ਸਗੋਂ ਰਾਜਾਸਾਂਸੀ ਹਲਕੇ ਵਿੱਚ ਆਪਣੀ ਸਿਆਸੀ ਪੈਂਠ ਜਮਾਉਣ ਲਈ 'ਆਪ' ਅਤੇ ਕਾਂਗਰਸ ਵਿਚਾਲੇ ਇੱਕ ਵੱਡੀ ਜੰਗ ਬਣ ਗਿਆ ਹੈ। ਲੋਕਾਂ ਦੀਆਂ ਨਜ਼ਰਾਂ ਹੁਣ ਪੁਲਿਸ ਦੀ ਅਗਲੀ ਕਾਰਵਾਈ 'ਤੇ ਹਨ ਕਿ ਕੀ ਸਰਜੀਤ ਸਰਪੰਚ ਦੀ ਗ੍ਰਿਫ਼ਤਾਰੀ ਹੋਵੇਗੀ ਜਾਂ ਇਹ ਸਿਆਸੀ ਘਮਾਸਾਨ ਹੋਰ ਤੇਜ਼ ਹੋਵੇਗਾ।
Click to Follow Babushahi Facebook page →