ਮੱਧੇਪੁਰ 'ਚ ਸਤਲੁਜ ਦਰਿਆ ਦਾ ਸੀਨਾ ਛੱਲਣੀ ਨਾਜਾਇਜ਼ ਮਾਈਨਿੰਗ; ਸ਼ਿਕਾਇਤ ਮੁੱਖ ਮੰਤਰੀ ਦਰਬਾਰ ਪੁੱਜੀ
ਸਿਆਸੀ ਸ਼ਹਿ ਅਤੇ ਪੁਲਿਸ ਦੀ ਕਥਿਤ ਮਿਲੀਭੁਗਤ ਦੇ ਇਲਜ਼ਾਮ; ਸਮਾਜ ਸੇਵੀ ਨੇ ਵੀਡੀਓ ਸਬੂਤਾਂ ਸਮੇਤ ਉੱਚ ਅਧਿਕਾਰੀਆਂ ਨੂੰ ਭੇਜਿਆ ਪੱਤਰ
ਦੀਪਕ ਜੈਨ
ਸਿੱਧਵਾਂ ਬੇਟ, 21 ਫਰਵਰੀ 2026 -ਪੰਜਾਬ ਸਰਕਾਰ ਵਲੋਂ ਨਾਜਾਇਜ਼ ਮਾਈਨਿੰਗ ਨੂੰ ਜੜ੍ਹੋਂ ਖਤਮ ਕਰਨ ਦੇ ਵੱਡੇ-ਵੱਡੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲਦੀ ਨਜ਼ਰ ਆਈ, ਜਦੋਂ ਥਾਣਾ ਸਿੱਧਵਾਂ ਬੇਟ ਅਧੀਨ ਆਉਂਦੇ ਪਿੰਡ ਮੱਧੇਪੁਰ ਵਿਖੇ ਸਤਲੁਜ ਦਰਿਆ ਵਿਚੋਂ ਸ਼ਰੇਆਮ ਰੇਤੇ ਦੀ ਚੋਰੀ ਹੋਣ ਦਾ ਵੱਡਾ ਮਾਮਲਾ ਸਾਹਮਣੇ ਆਇਆ। ਇਕ ਸਮਾਜ ਸੇਵੀ ਵਲੋਂ ਸਿੱਧੇ ਤੌਰ ’ਤੇ ਪੰਜਾਬ ਦੇ ਮੁੱਖ ਮੰਤਰੀ ਸਮੇਤ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮਾਈਨਿੰਗ ਮਾਫੀਆ, ਸਥਾਨਕ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਅਤੇ ਸਿਆਸੀ ਆਗੂਆਂ ਦੀ ਕਥਿਤ ਮਿਲੀਭੁਗਤ ਦਾ ਪਰਦਾਫਾਸ਼ ਕੀਤਾ ਗਿਆ ਹੈ।
ਪਿੰਡ ਮੁਹਿਮ (ਨਕੋਦਰ) ਦੇ ਰਹਿਣ ਵਾਲੇ ਸਮਾਜ ਸੇਵੀ ਹਰਜਿੰਦਰ ਸਿੰਘ ਪੁੱਤਰ ਗੁਰਮੇਜ ਰਾਮ ਨੇ ਮੁੱਖ ਮੰਤਰੀ ਨੂੰ ਭੇਜੇ ਪੱਤਰ ਵਿਚ ਗੰਭੀਰ ਦੋਸ਼ ਲਾਉਂਦਿਆਂ ਦੱਸਿਆ ਹੈ ਕਿ ਪਿੰਡ ਮਧੇਪੁਰ ਵਿਖੇ ਸਤਲੁਜ ਦਰਿਆ ਵਿਚ 10 ਦਿਨਾਂ ਤੋਂ ਰਾਤ ਦੇ ਸਮੇਂ ਨਾਜਾਇਜ਼ ਮਾਈਨਿੰਗ ਦਾ ਕਾਲਾ ਕਾਰੋਬਾਰ ਜ਼ੋਰਾਂ ’ਤੇ ਚੱਲ ਰਿਹਾ ਹੈ | ਸ਼ਿਕਾਇਤ ਅਨੁਸਾਰ ਸੁਖਰਾਜ ਸਿੰਘ, ਕਾਲਾ ਅਤੇ ਉਸ ਦਾ ਭਰਾ ਪਿਪਲੀ 10-12 ਅਣਪਛਾਤੇ ਸਾਥੀਆਂ ਨਾਲ ਮਿਲ ਕੇ ਪੋਕਲਾਈਨ ਮਸ਼ੀਨਾਂ ਰਾਹੀਂ ਦਰਿਆ ਦੀ ਛਾਤੀ ਚੀਰ ਰਹੇ ਹਨ ਅਤੇ ਰੋਜ਼ਾਨਾ 100 ਟਿੱਪਰ/ਟਰਾਲੀਆਂ ਰੇਤੇ ਦੀ ਚੋਰੀ ਕੀਤੀ ਜਾ ਰਹੀ ਹੈ | ਸ਼ਿਕਾਇਤਕਰਤਾ ਅਨੁਸਾਰ ਸੁਖਰਾਜ ਸਿੰਘ ’ਤੇ ਪਹਿਲਾਂ ਵੀ ਨਾਜਾਇਜ਼ ਮਾਈਨਿੰਗ ਦੇ ਪਰਚੇ ਦਰਜ ਦੱਸੇ ਜਾਂਦੇ ਹਨ।
ਪੁਲਸ ਤੇ ਪ੍ਰਸ਼ਾਸਨ ਦੇ ਕੰਮਕਾਜ ’ਤੇ ਉੱਠੇ ਸਵਾਲ
ਸ਼ਿਕਾਇਤ ਵਿਚ ਸਭ ਤੋਂ ਹੈਰਾਨੀਜਨਕ ਖੁਲਾਸਾ ਪ੍ਰਸ਼ਾਸਨਿਕ ਕਾਰਵਾਈ ਨੂੰ ਲੈ ਕੇ ਹੋਇਆ ਹੈ। ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ 19 ਫਰਵਰੀ ਦੀ ਰਾਤ 10 ਤੋਂ 12 ਵਜੇ ਤਕ ਜਦੋਂ ਮਾਈਨਿੰਗ ਜ਼ੋਰਾਂ ’ਤੇ ਚੱਲ ਰਹੀ ਸੀ ਤਾਂ ਉਸ ਨੇ ਐੱਸ.ਐੱਚ.ਓ. ਸਿੱਧਵਾਂ ਬੇਟ, ਡੀ.ਐੱਸ.ਪੀ. ਜਗਰਾਓਂ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ-ਵਾਰ ਫੋਨ ਕੀਤੇ ਪਰ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਨੇ ਫੋਨ ਚੁੱਕਣ ਦੀ ਖੇਚਲ ਨਹੀਂ ਕੀਤੀ।ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਉਸ ਕੋਲ ਫੋਨ ਕਾਲਾਂ ਦੇ ਰਿਕਾਰਡ ਅਤੇ ਰਾਤ ਸਮੇਂ ਚੱਲ ਰਹੀ ਪੋਕਲਾਈਨ ਮਸ਼ੀਨ ਦੀਆਂ ਵੀਡੀਓਜ਼ ਪੁਖਤਾ ਸਬੂਤ ਵਜੋਂ ਮੌਜੂਦ ਹਨ। ਇਹ ਵੀ ਪਤਾ ਲੱਗਾ ਹੈ ਕਿ ਮਾਈਨਿੰਗ ਕਰਨ ਵਾਲੀ ਇਹ ਪੋਕਲਾਈਨ ਮਸ਼ੀਨ ਦਿਨ ਵੇਲੇ ਦਰਿਆ ਕੰਢੇ ਬਣੇ ਇਕ ਡੇਰੇ ਵਿਚ ਲੁਕਾ ਕੇ ਖੜ੍ਹੀ ਕੀਤੀ ਜਾਂਦੀ ਹੈ।
ਬਾਹਰਲੇ ਜ਼ਿਲੇ ਦੀ ਪੁਲਸ ਤੋਂ ਰੇਡ ਦੀ ਮੰਗ
ਇਸ ਸਾਰੇ ਗੋਰਖਧੰਦੇ ਪਿੱਛੇ ਜਗਰਾਓਂ ਦੇ ਇਕ ਸਥਾਨਕ ਸਿਆਸੀ ਆਗੂ ਦੀ ਸ਼ਹਿ ਹੋਣ ਦਾ ਕਥਿਤ ਦੋਸ਼ ਲਾਇਆ ਗਿਆ ਹੈ, ਜਿਸ ਕਾਰਨ ਸਥਾਨਕ ਪੁਲਸ ਕਾਰਵਾਈ ਕਰਨ ਤੋਂ ਕੰਨੀ ਕਤਰਾਉਂਦੀ ਨਜ਼ਰ ਆ ਰਹੀ ਹੈ | ਸਮਾਜ ਸੇਵੀ ਹਰਜਿੰਦਰ ਸਿੰਘ ਨੇ ਮੁੱਖ ਮੰਤਰੀ ਸਮੇਤ ਚੀਫ਼ ਸੈਕਟਰੀ ਪੰਜਾਬ, ਡੀ. ਸੀ. ਲੁਧਿਆਣਾ, ਡੀ.ਆਈ.ਜੀ. ਲੁਧਿਆਣਾ ਰੇਂਜ ਅਤੇ ਸੈਕਟਰੀ ਮਾਈਨਿੰਗ ਪੰਜਾਬ ਨੂੰ ਸ਼ਿਕਾਇਤ ਦੇ ਨਾਲ ਮੌਕੇ ਦੀਆਂ ਵੀਡੀਓਜ਼ ਨੱਥੀ ਕਰ ਕੇ ਭੇਜੀਆਂ ਹਨ।
ਉਨ੍ਹਾਂ ਪੁਰਜ਼ੋਰ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਜਾਂ ਕਿਸੇ ਬਾਹਰਲੇ ਜ਼ਿਲੇ ਦੀ ਪੁਲਸ ਤੋਂ ਰੇਡ ਕਰਵਾ ਕੇ ਕੀਤੀ ਜਾਵੇ, ਤਾਂ ਜੋ ਮੁਲਜ਼ਮਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋ ਸਕੇ। ਹਰਜਿੰਦਰ ਸਿੰਘ ਵਲੋਂ ਰੇਤ ਮਾਫੀਆ ਖਿਲਾਫ ਲਾਏ ਗਏ ਇਲਜ਼ਾਮ ਕਿੰਨੇ ਕੁ ਸਹੀ ਹਨ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਰੇਤਾ ਢੋਹਣ ਲਈ ਵਰਤੇ ਵਾਹਨਾਂ ਦੇ ਤਾਜ਼ਾ ਨਿਸ਼ਾਨ ਨਾਜਾਇਜ਼ ਮਾਈਨਿੰਗ ਹੋਣ ਦੀ ਗਵਾਹੀ ਜ਼ਰੂਰ ਭਰਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਉੱਚ ਅਧਿਕਾਰੀਆਂ ਅਤੇ ਮੁੱਖ ਮੰਤਰੀ ਦਫ਼ਤਰ ਵਲੋਂ ਇਸ ਗੰਭੀਰ ਸ਼ਿਕਾਇਤ ਅਤੇ ਪੁਖਤਾ ਸਬੂਤਾਂ ਦੇ ਆਧਾਰ ’ਤੇ ਕੀ ਐਕਸ਼ਨ ਲਿਆ ਜਾਂਦਾ ਹੈ, ਜਾਂ ਸਿਆਸੀ ਰਸੂਖ ਹੇਠ ਇਹ ਮਾਮਲਾ ਵੀ ਠੰਢੇ ਬਸਤੇ ਵਿਚ ਪੈ ਜਾਵੇਗਾ।
ਮੁਲਜ਼ਮਾਂ ਖਿਲਾਫ ਹੋਵੇਗੀ ਕਾਰਵਾਈ : ਥਾਣਾ ਮੁਖੀ
ਇਸ ਸਬੰਧੀ ਮਾਈਨਿੰਗ ਵਿਭਾਗ ਦੇ ਜੇ. ਈ. ਬੀਰਇੰਦਰ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ, ਜਦ ਕਿ ਥਾਣਾ ਸਿੱਧਵਾਂ ਬੇਟ ਦੇ ਨਵ-ਨਿਯੁਕਤ ਮੁਖੀ ਹਮਰਾਜ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਉਹ ਮਾਮਲੇ ਦੀ ਪੜਤਾਲ ਕਰਵਾਉਣਗੇ ਤੇ ਮੁਲਜ਼ਮ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।