ਮੋਹਨਜੀਤ ਸਿੰਘ ਕੁੱਟਮਾਰ ਮਾਮਲੇ 'ਚ ਨਵਾਂ ਮੋੜ
DGP ਦੀ ਰਿਪੋਰਟ 'ਤੇ ਉੱਠੇ ਸਵਾਲ: NHRC ਨੇ ਲਿਆ ਨੋਟਿਸ, ਪੀੜਤ ਦੇ ਵਕੀਲ ਦਾ ਪੁਲਿਸ ਦਾਅਵਿਆਂ 'ਤੇ ਪਲਟਵਾਰ
ਚੰਡੀਗੜ੍ਹ/ਸੰਗਰੂਰ, 21 ਸਤੰਬਰ, 2026 : ਮੋਹਨਜੀਤ ਸਿੰਘ ਕੁੱਟਮਾਰ ਮਾਮਲੇ ਵਿੱਚ ਪੰਜਾਬ ਦੇ ਡੀਜੀਪੀ (DGP) ਗੌਰਵ ਯਾਦਵ ਵੱਲੋਂ ਸੌਂਪੀ ਗਈ ਰਿਪੋਰਟ ਤੋਂ ਬਾਅਦ ਸਿਆਸੀ ਅਤੇ ਕਾਨੂੰਨੀ ਗਲਿਆਰਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਡੀਜੀਪੀ ਨੇ ਆਪਣੀ ਰਿਪੋਰਟ ਵਿੱਚ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ ਦਾ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ (NHRC) ਪਹਿਲਾਂ ਹੀ ਨੋਟਿਸ ਲੈ ਚੁੱਕਾ ਹੈ ਅਤੇ ਪੁਲਿਸ ਵਿਭਾਗ ਤੋਂ ਐਕਸ਼ਨ ਟੇਕਨ ਰਿਪੋਰਟ (ATR) ਮੰਗੀ ਗਈ ਹੈ।
ਡੀਜੀਪੀ ਦੀ ਰਿਪੋਰਟ ਅਨੁਸਾਰ ਮੋਹਨਜੀਤ ਸਿੰਘ ਨੂੰ ਉਸ ਦਿਨ ਇਲਾਕੇ ਵਿੱਚ ਅਮਨ-ਕਾਨੂੰਨ ਅਤੇ ਸ਼ਾਂਤੀ ਵਿਵਸਥਾ ਵਿਗਾੜਨ ਦੇ ਖ਼ਦਸ਼ੇ ਹੇਠ ਹਿਰਾਸਤ ਵਿੱਚ ਲਿਆ ਗਿਆ ਸੀ। ਹਿਰਾਸਤ ਦੌਰਾਨ ਜਦੋਂ ਮੋਹਨਜੀਤ ਸਿੰਘ ਦਾ ਮੈਡੀਕਲ ਅਤੇ ਡੋਪ ਟੈਸਟ ਕਰਵਾਇਆ ਗਿਆ, ਤਾਂ ਉਸ ਵਿੱਚ 'ਮੋਰਫਿਨ' (Morphine) ਨਸ਼ੇ ਦੀ ਪੁਸ਼ਟੀ ਹੋਈ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਮੋਹਨਜੀਤ ਦੇ ਸਰੀਰ 'ਤੇ ਮਿਲੀਆਂ ਸੱਟਾਂ ਜਾਂ ਤਾਂ 'ਫ੍ਰੈਂਡਲੀ' (ਆਪਸੀ ਸਹਿਮਤੀ ਨਾਲ ਲਗਵਾਈਆਂ) ਹਨ ਜਾਂ ਫਿਰ ਉਸ ਨੇ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਲਈ ਆਪ ਲਗਾਈਆਂ ਹਨ। ਸ਼ੁਰੂਆਤੀ ਡਾਕਟਰੀ ਜਾਂਚ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਸੀ, ਜਿੱਥੋਂ ਬਾਅਦ ਵਿੱਚ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ।
ਪੂਰੇ ਮਾਮਲੇ ਦੀ ਨਿਰਪੱਖ ਜਾਂਚ ਲਈ 9 ਸਤੰਬਰ ਨੂੰ ਐੱਸਪੀ ਸਿਟੀ ਮੋਹਾਲੀ ਦਿਲਪ੍ਰੀਤ ਸਿੰਘ ਦੀ ਅਗਵਾਈ ਹੇਠ 3 ਮੈਂਬਰੀ 'ਫੈਕਟ ਫਾਈਂਡਿੰਗ ਕਮੇਟੀ' ਗਠਿਤ ਕੀਤੀ ਗਈ ਹੈ, ਜਿਸ ਵਿੱਚ ਰੋਪੜ ਦੇ ਐੱਸਪੀ ਪਲਵਿੰਦਰ ਸਿੰਘ ਚੀਮਾ ਅਤੇ ਜ਼ੀਰਕਪੁਰ ਦੀ ਏਐੱਸਪੀ ਗਜ਼ਲਪ੍ਰੀਤ ਕੌਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਨੂੰ ਪ੍ਰਭਾਵਿਤ ਹੋਣ ਤੋਂ ਰੋਕਣ ਲਈ ਡੀਐੱਸਪੀ ਸੁਨਾਮ ਅਤੇ ਥਾਣਾ ਐੱਸਐੱਚਓ ਸਮੇਤ 4 ਪੁਲਿਸ ਕਰਮਚਾਰੀਆਂ ਦਾ ਤੁਰੰਤ ਤਬਾਦਲਾ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ, ਮੋਹਨਜੀਤ ਸਿੰਘ ਦੇ ਪਿਤਾ ਦੇ ਵਕੀਲ ਨੇ ਡੀਜੀਪੀ ਦੀ ਰਿਪੋਰਟ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਇਸ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਵਕੀਲ ਨੇ ਸਵਾਲ ਚੁੱਕਿਆ ਕਿ ਬਿਨਾਂ ਐੱਫਆਈਆਰ ਦਰਜ ਕੀਤੇ ਇਹ ਜਾਂਚ ਕਿਵੇਂ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੋਹਨਜੀਤ 'ਤੇ ਮੋਰਫਿਨ ਨਸ਼ਾ ਲੈਣ ਦਾ ਦੋਸ਼ ਬਿਲਕੁਲ ਗਲਤ ਅਤੇ ਬੇਬੁਨਿਆਦ ਹੈ, ਕਿਉਂਕਿ ਹਸਪਤਾਲ 'ਚ ਇਲਾਜ ਦੌਰਾਨ ਉਸ ਨੂੰ ਦਰਦ ਤੋਂ ਰਾਹਤ ਲਈ 'ਪੇਨਕਿੱਲਰ' ਵਜੋਂ ਮੋਰਫਿਨ ਦਿੱਤੀ ਗਈ ਸੀ, ਜਿਸ ਨੂੰ ਪੁਲਿਸ ਹੁਣ ਗਲਤ ਰੰਗਤ ਦੇ ਕੇ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
- Download Babushahi App
-
-