ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ- ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ 24 ਸਤੰਬਰ
ਸੀਨੀਅਰ ਆਪ ਲੀਡਰ ਰਮਨ ਬਹਿਲ ਜੀ ਨੇ ਅੱਜ ਆਮ ਆਦਮੀ ਕਲੀਨਿਕ ਹਯਾਤਨਗਰ ਵਿਖੇ ਮੁਖਮੰਤਰੀ ਸਿਹਤ ਯੋਜ਼ਨਾ ਦੇ ਤਹਿਤ ਲਾਭਪਾਤਰੀਆਂ ਨੂੰ ਬੀਮਾ ਯੋਜਨਾ ਦੇ ਵਾਰਡ ਵੰਡੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਆਮਦਨ ਸੀਮਾ ਦੇ, ਪੰਜਾਬ ਦਾ ਹਰ ਨਾਗਰਿਕ, ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰ ਇਸ ਸਕੀਮ ਦੇ ਯੋਗ ਪਾਤਰੀ ਹਨ।
ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਮਿਆਰੀ ਅਤੇ ਮੁਫ਼ਤ ਸਿਹਤ ਸਹੂਲਤਾਂ ਦੇਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ‘ਮੁੱਖ ਮੰਤਰੀ ਸਿਹਤ ਯੋਜਨਾ’ (MMSY) ਦੇ ਕਾਰਡਾਂ ਦੀ ਵੰਡ ਵੱਡੇ ਪੱਧਰ 'ਤੇ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਲਗਭਗ 54 ਲੱਖ ਪਰਿਵਾਰਾਂ ਨੂੰ ਕਵਰ ਕਰਦੇ ਹੋਏ 1.26 ਕਰੋੜ ਸਿਹਤ ਕਾਰਡ ਵੰਡੇ ਜਾ ਰਹੇ ਹਨ, ਜਿਸ ਨਾਲ ਹਰੇਕ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ (ਬਿਨਾਂ ਪੈਸੇ ਦਿੱਤੇ) ਇਲਾਜ ਮਿਲੇਗਾ।
ਰਮਨ ਬਹਿਲ ਜੀ ਨੇ ਕਿਹਾ ਕਿ ਪਹਿਲਾਂ ਇਸ ਸਕੀਮ (ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ) ਤਹਿਤ ਇਲਾਜ ਦੀ ਸੀਮਾ ਸਿਰਫ਼ 5 ਲੱਖ ਰੁਪਏ ਸੀ, ਜਿਸ ਨੂੰ ਮਾਨ ਸਰਕਾਰ ਵੱਲੋਂ ਦੁੱਗਣਾ ਕਰਕੇ 10 ਲੱਖ ਰੁਪਏ ਕਰ ਦਿੱਤਾ ਗਿਆ ਹੈ।ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਸਾਰਿਆਂ ਲਈ ਬਰਾਬਰ ਅਧਿਕਾਰ ਹੈ। ਇਸ ਯੋਜਨਾ ਲਈ ਕੋਈ ਵੀ ਆਮਦਨ ਸੀਮਾ ਜਾਂ ਕੋਈ ਹੋਰ ਸ਼ਰਤ ਨਹੀਂ ਰੱਖੀ ਗਈ ਹੈ। ਸੂਬੇ ਦਾ ਹਰ ਇੱਕ ਪਰਿਵਾਰ ਇਸ ਦਾ ਲਾਭ ਲੈ ਸਕਦਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਕਰਮਚਾਰੀ ਅਤੇ ਪੈਨਸ਼ਨਰ ਵੀ ਸਕੀਮ ਦੇ ਘੇਰੇ ਵਿੱਚ ਸ਼ਾਮਲ ਹਨ। ਇਸ ਯੋਜਨਾ ਤਹਿਤ ਪੰਜਾਬ ਅਤੇ ਚੰਡੀਗੜ੍ਹ ਦੇ 900 ਤੋਂ ਵੱਧ ਸੂਚੀਬੱਧ (Empanelled) ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ 2,356 ਤੋਂ ਵੱਧ ਇਲਾਜ ਪੈਕੇਜ ਉਪਲਬਧ ਹਨ। ਇਸ ਵਿੱਚ ਕੈਂਸਰ, ਦਿਲ ਦੇ ਰੋਗ, ਡਾਇਲਸਿਸ, ਗੋਡੇ ਬਦਲਣੇ, ਅੱਖਾਂ ਦੇ ਅਪਰੇਸ਼ਨ, ਕਿਡਨੀ ਅਤੇ ਲਿਵਰ ਟ੍ਰਾਂਸਪਲਾਂਟ ਵਰਗੇ ਵੱਡੇ ਅਪਰੇਸ਼ਨ ਅਤੇ ਆਈ.ਸੀ.ਯੂ. (ICU) ਸਹੂਲਤਾਂ ਸ਼ਾਮਲ ਹਨ।ਅਜੋਕੇ ਸਮੇਂ ਵਿੱਚ ਗੰਭੀਰ ਬੀਮਾਰੀ ਕਾਰਨ ਇੱਕ ਆਮ ਪਰਿਵਾਰ ਕਰਜ਼ੇ ਦੇ ਜਾਲ ਵਿੱਚ ਫਸ ਜਾਂਦਾ ਹੈ। ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਪੈਸੇ ਦੀ ਤੰਗੀ ਕਾਰਨ ਸੂਬੇ ਦੇ ਕਿਸੇ ਵੀ ਨਾਗਰਿਕ ਨੂੰ ਇਲਾਜ ਤੋਂ ਵਾਂਝਾ ਨਾ ਰਹਿਣਾ ਪਵੇ।
ਸੀਨੀਅਰ ਮੈਡੀਕਲ ਅਫਸਰ ਡਾਕਟਰ ਨਵਦੀਪ ਕੌਰ ਜੀ ਨੇ ਕਿਹਾ ਕਿ ਜਿਹੜੇ ਯੋਗ ਲਾਭਪਾਤਰੀ ਕੈਂਪਾਂ ਵਿੱਚ ਸਿਹਤ ਕਾਰਡ ਨਹੀਂ ਲੈ ਸਕੇ, ਉਨ੍ਹਾਂ ਨੂੰ ਆਸ਼ਾ ਵਰਕਰਾਂ (ASHA Workers) ਅਤੇ ਸਿਹਤ ਮਿੱਤਰਾਂ ਰਾਹੀਂ ਘਰ-ਘਰ ਜਾ ਕੇ ਕਾਰਡ ਕਿੱਟਾਂ ਮੁਹੱਈਆ ਕਰਵਾਉਣਗੇ। ਉਨ੍ਹਾਂ ਕਿਹਾ ਕਿ ‘ਆਮ ਆਦਮੀ ਕਲੀਨਿਕ’ ਪਹਿਲਾਂ ਹੀ ਸਫ਼ਲਤਾਪੂਰਵਕ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ ਅਤੇ ਹੁਣ ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਵੱਡੇ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦਾ ਸੁਪਨਾ ਵੀ ਸਾਕਾਰ ਹੋ ਗਿਆ ਹੈ।ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਜ਼ਦੀਕੀ ਸੇਵਾ ਕੇਂਦਰਾਂ ਜਾਂ ਕੈਂਪਾਂ ਵਿੱਚ ਜਾ ਕੇ ਆਪਣਾ ਆਧਾਰ ਕਾਰਡ ਅਤੇ ਵੋਟਰ ਆਈ.ਡੀ. ਦੇ ਕੇ ਸਿਹਤ ਕਾਰਡ ਜ਼ਰੂਰ ਬਣਵਾਉਣ ਤਾਂ ਜੋ ਲੋੜ ਵੇਲੇ ਇਸ ਸੁਵਿਧਾ ਦਾ ਫ਼ਾਇਦਾ ਲਿਆ ਜਾ ਸਕੇ।
ਇਸ ਮੌਕੇ ਡਾਕਟਰ ਹੇਮੰਤ ਤੁਲੀ ਅਤੇ ਸਮੂਹ ਆਮ ਆਦਮੀ ਕਲੀਨਿਕ ਦਾ ਸਟਾਫ਼ ਮੋਜ਼ੂਦ ਸੀ।
- Download Babushahi App
-
-