ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਗਿਆ ਭਾਈ ਲਾਲੋ ਜੀ ਦਾ ਜਨਮ ਦਿਹਾੜਾ
ਅੰਮ੍ਰਿਤਸਰ, 24 ਸਤੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਅਰਦਾਸ ਭਾਈ ਪ੍ਰੇਮ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਕਥਾਵਾਚਕ ਗਿਆਨੀ ਵਿਸ਼ਾਲ ਸਿੰਘ ਨੇ ਸਰਵਣ ਕਰਵਾਇਆ।
ਗਿਆਨੀ ਵਿਸ਼ਾਲ ਸਿੰਘ ਨੇ ਭਾਈ ਲਾਲੋ ਜੀ ਦੇ ਜੀਵਨ ਸਬੰਧੀ ਵਿਚਾਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਸਮਾਜ ਲਈ ਇਕ ਸੁਚੱਜਾ ਮਾਰਗ ਦਰਸ਼ਨ ਹੈ, ਜਿਸ ਤੋਂ ਅਗਵਾਈ ਲੈ ਕੇ ਧਰਮ ਦੀ ਕਿਰਤ ਕਰਦਿਆਂ ਕਰਤਾ ਪੁਰਖ ਨਾਲ ਜੁੜਨ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਜੀ ਨੂੰ ਬੇਹੱਦ ਸਨਮਾਨ ਦੇ ਕੇ ਮਨੁੱਖਤਾ ਨੂੰ ਸੱਚੀ ਕਿਰਤ ਕਰਨ ਦਾ ਉਪਦੇਸ਼ ਕੀਤਾ ਹੈ। ਉਨ੍ਹਾਂ ਸੰਗਤ ਨੂੰ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆ ਗੁਰੂ ਸਾਹਿਬ ਵੱਲੋਂ ਬਖਸ਼ੇ ਸਿਧਾਂਤ ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਕੀਤੀ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸ. ਬਿਕਰਮਜੀਤ ਸਿੰਘ ਝੰਗੀ, ਸ. ਜਸਬੀਰ ਸਿੰਘ, ਰਾਮਗੜ੍ਹੀਆ ਜਥੇਬੰਦੀ ਪੰਜਾਬ ਤੋਂ ਸ. ਹਰਜੀਤ ਸਿੰਘ ਰਾਮਗੜ੍ਹੀਆ, ਸ. ਜਗਜੀਤ ਸਿੰਘ ਸੱਗੂ, ਸ. ਰਾਮ ਸਿੰਘ ਧੀਮਾਨ, ਸ. ਕੰਵਰਬੀਰ ਸਿੰਘ ਮੰਜ਼ਲ, ਸ. ਗੁਰਮੀਤ ਸਿੰਘ ਬਠਿੰਡਾ, ਸ. ਗੁਰਵਿੰਦਰ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ।
- Download Babushahi App
-
-