ਸਿਹਤ ਵਿਭਾਗ ਨੇ ਕੁੱਤੇ ਵੱਲੋਂ ਵੱਡੇ ਜਾਣ ਤੋਂ ਬਾਅਦ ਹਲਕਾਅ ਤੋਂ ਬਚਣ ਲਈ ਕੀਤਾ ਜਾਗਰੂਕ
ਅਸ਼ੋਕ ਵਰਮਾ
ਬਠਿੰਡਾ, 24 ਸਤੰਬਰ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਸਿਹਤ ਅਫ਼ਸਰ ਡਾ ਡਾ ਊਸ਼ਾ ਗੋਇਲ ਦੀ ਅਗਵਾਈ ਹੇਠ ਆਮ ਆਦਮੀ ਕਲੀਨਿਕ ਲਹਿਰਾ ਮੁਹੱਬਤ ਵਿਖੇ ਰੇਬੀਜ਼ ਸਬੰਧੀ ਜਾਗਰੂਕ ਕੀਤਾ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਰੇਬੀਜ਼ ਇੱਕ ਘਾਤਕ ਬਿਮਾਰੀ ਹੈ, ਪਰ ਇਸ ਤੋਂ ਪੂਰਨ ਬਚਾਅ ਹੋ ਸਕਦਾ ਹੈ। ਸਰਕਾਰ ਦਾ 2030 ਤੱਕ ਰੇਬੀਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਜ਼ੀਰੋ ਕਰਨ ਦੇ ਟੀਚੇ ਨਾਲ ਸਿਹਤ ਵਿਭਾਗ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਜਨਤਕ ਥਾਵਾਂ, ਸਿਹਤ ਸੰਸਥਾਵਾਂ ਅਤੇ ਸਕੂਲਾਂ ਵਿੱਚ ਜਾਗਰੂਕਤਾ ਸਮਾਗਮ ਕਰਵਾ ਕੇ ਜਾਗਰੂਕ ਕਰ ਰਿਹਾ ਹੈ।
ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਨੇ ਦੱਸਿਆ ਕਿ ਜਾਨਵਰ ਸਾਡੇ ਦੋਸਤ ਹੋ ਸਕਦੇ ਹਨ ਪਰ ਕਈ ਵਾਰ ਜਦੋਂ ਅਸੀਂ ਇਨ੍ਹਾਂ ਨੂੰ ਗੁੱਸਾ ਕਰਦੇ ਹਾਂ ਤਾਂ ਇਹ ਸਾਨੂੰ ਕੱਟ ਲੈਂਦੇ ਹਨ। ਉਹਨਾਂ ਦੱਸਿਆ ਕਿ ਭਾਰਤ ਵਿੱਚ ਹਰੇਕ ਸਾਲ ਰੇਬੀਜ਼ ਨਾਲ ਲਗਭਗ 20 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਬਿਮਾਰੀ ਕੁੱਤਾ, ਖਰਗੋਸ਼, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਰਾਂ ਰਾਹੀਂ ਵੀ ਫੈਲਦੀ ਹੈ। ਉਹਨਾਂ ਕਿਹਾ ਕਿ ਜਾਨਵਰਾਂ ਦੇ ਵੱਢੇ, ਚੱਟੇ, ਝਰੀਟਾਂ, ਜਖ਼ਮਾਂ ਨੂੰ ਨਜ਼ਰਅੰਦਾਜ਼ ਨਾ ਕਰੋ ਬਲਕਿ ਜਖ਼ਮ ਨੂੰ ਵਗਦੇ ਪਾਣੀ ਵਿੱਚ 15 ਮਿੰਟ ਤੱਕ ਸਾਬਣ ਪਾਣੀ ਨਾਲ ਤੁਰੰਤ ਧੋਵੋ, ਮੌਕੇ ਤੇ ਮੌਜੂਦ ਆਇਓਡੀਨ, ਅਲਕੋਹਲ ਜਾਂ ਸਪਿਰਿਟ ਜਾਂ ਘਰ ਵਿੱਚ ਉਪਲਬਧ ਐਂਟੀਸੈਪਟਿਕ ਲਗਾਓ। ਜਖ਼ਮ ਤੇ ਮਿਰਚ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਓ ਬਲਕਿ ਜਲਦੀ ਤੋਂ ਜਲਦੀ ਮਾਹਿਰ ਡਾਕਟਰ ਨਾਲ ਸੰਪਰਕ ਕਰੋ ਅਤੇ ਤੁਰੰਤ ਬਾਅਦ ਸਮੇਂ ਸਿਰ ਆਪਣਾ ਰੇਬੀਜ਼ ਦਾ ਸੰਪੂਰਨ ਟੀਕਾਕਰਣ ਕਰਵਾਓ ।
ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ, ਸੀ.ਐਚ.ਸੀਜ਼ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਜਾਨਵਰਾਂ ਦੇ ਵੱਢੇ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਆਮ ਤੌਰ ਤੇ ਜਾਨਵਰ ਆਪਣੇ ਬਚਾਅ ਵਿੱਚ ਅਤੇ ਉਤੇਜਿਤ ਹੋ ਕੇ ਹੀ ਵੱਢਦੇ ਹਨ। ਇਸ ਲਈ ਜਾਨਵਰਾਂ ਨੂੰ ਪਰੇਸ਼ਾਨ ਨਾ ਕਰੋ ਅਤੇ ਨਾ ਹੀ ਡਰਾਓ। ਕੁੱਤਿਆਂ ਨੂੰ ਖੇਡਦੇ ਸਮੇਂ, ਨੀਂਦ ਵੇਲੇ ਜਾਂ ਬਿਮਾਰੀ ਦੌਰਾਨ ਤੰਗ ਨਾ ਕਰੋ। ਜਦੋਂ ਜਾਨਵਰ ਗੁੱਸੇ ਵਿੱਚ ਹੋਵੇ ਤਾਂ ਉਸ ਤੋਂ ਦੂਰ ਰਹੋ। ਉਹਨਾਂ ਬੱਚਿਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਰਸਤੇ ਵਿੱਚ ਤੁਹਾਨੂੰ ਕੁੱਤਾ ਕੱਟ ਜਾਂਦਾ ਹੈ ਤਾਂ ਆਪਣੇ ਅਧਿਆਪਕ ਜਾਂ ਮਾਤਾ ਪਿਤਾ ਨੂੰ ਇਸ ਦੀ ਜਾਣਕਾਰੀ ਦਿਓ। ਉਹਨਾਂ ਕਿਹਾ ਕਿ ਉਹ ਪਰਿਵਾਰ ਜਿਨ੍ਹਾਂ ਨੇ ਕੁੱਤੇ ਜਾਂ ਕੋਈ ਹੋਰ ਜਾਨਵਰ ਘਰ ਵਿੱਚ ਰੱਖੇ ਹਨ, ਉਹਨਾਂ ਦੇ ਹਰੇਕ ਸਾਲ ਟੀਕਾਕਰਣ ਕਰਵਾਇਆ ਜਾਵੇ ਤਾਂ ਜ਼ੋ ਹਲਕਾਅ ਦੀ ਬਿਮਾਰੀ ਨੂੰ ਰੋਕਿਆ ਜਾ ਸਕੇ। ਇਸ ਮੌਕੇ ਡਾ ਭੁਪੇਸ਼ ਗਰਗ, ਸੀ.ਐਚ.ਓ ਜਸਵਿੰਦਰ ਕੌਰ, ਏ.ਐਨ.ਐਮ ਜਸਵਿੰਦਰਪਾਲ ਕੌਰ, ਹੈਲਥ ਵਰਕਰ ਕਰਮਜੀਤ ਸਿੰਘ, ਫਾਰਮੇਸੀ ਅਫ਼ਸਰ ਅਮਨ ਕੁਮਾਰ, ਕਲੀਨੀਕਲ ਅਸ਼ਿਸਟੈਂਟ ਨੇਹਾ ਰਾਣੀ, ਅਤੇ ਆਸ਼ਾ ਵਰਕਰ ਹਾਜਰ ਸਨ
- Download Babushahi App
-
-