ਮੁੱਖ ਮੰਤਰੀ ਸਹਾਇਤਾ ਕੇਂਦਰ ਹਰੇਕ ਵਿਅਕਤੀ ਲਈ ਖੁੱਲ੍ਹਾ: ਦਲਵੀਰ ਸਿੰਘ ਢਿੱਲੋਂ
ਕਿਹਾ, ਸਾਬਕਾ ਵਿਧਾਇਕ ਵੱਲੋਂ ਸਿਆਸਤ ਚਮਕਾਉਣ ਲਈ ਦਰਵਾਜ਼ਾ ਬੰਦ ਹੋਣ ਦਾ ਨਾਟਕ ਕਰਨਾ ਨਿੰਦਣਯੋਗ
ਪੈਨਸ਼ਨ ਸਬੰਧੀ ਮੁੱਦੇ 1076 ‘ਤੇ ਕਾਲ ਕਰਕੇ ਘਰ ਬੈਠੇ ਹੀ ਹੁੰਦੇ ਹਨ ਹੱਲ: ਦਲਵੀਰ ਸਿੰਘ ਢਿੱਲੋਂ
ਦਲਜੀਤ ਕੌਰ
ਧੂਰੀ, 27 ਅਪ੍ਰੈਲ, 2026: ਮੁੱਖ ਮੰਤਰੀ ਸਹਾਇਤਾ ਕੇਂਦਰ ਧੂਰੀ ਦੇ ਦਫ਼ਤਰ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਕੈਂਪ ਆਫਿਸ ਦੇ ਦਰਵਾਜ਼ੇ ਹਰੇਕ ਵਿਅਕਤੀ ਲਈ ਹਮੇਸ਼ਾ ਖੁੱਲ੍ਹੇ ਹਨ ਅਤੇ ਆਪਣੇ ਕੰਮ ਕਰਵਾਉਣ ਲਈ ਆਉਣ ਵਾਲੇ ਹਰ ਵਿਅਕਤੀ ਨਾਲ ਮਾਣ-ਸਤਿਕਾਰ ਨਾਲ ਪੇਸ਼ ਆ ਕੇ ਉਨ੍ਹਾਂ ਦੇ ਕੰਮ ਕੀਤੇ ਜਾਂਦੇ ਹਨ। ਇਹ ਪ੍ਰਗਟਾਵਾ ਦਲਵੀਰ ਸਿੰਘ ਢਿੱਲੋਂ ਨੇ ਸਾਬਕਾ ਵਿਧਾਇਕ ਧੂਰੀ ਦਲਬੀਰ ਸਿੰਘ ਗੋਲਡੀ ਵੱਲੋਂ ਦਫ਼ਤਰ ਦਾ ਦਰਵਾਜ਼ਾ ਬੰਦ ਹੋਣ ਸਬੰਧੀ ਲਗਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕੀਤਾ।
ਦਫ਼ਤਰ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਅੱਜ ਕੁਝ ਮਹਿਲਾਵਾਂ ਨਾਲ ਮੁੱਖ ਮੰਤਰੀ ਕੈਂਪ ਆਫਿਸ ਵਿਖੇ ਆਏ ਸਨ। ਉਸ ਸਮੇਂ ਦਫ਼ਤਰ ਵਿੱਚ ਪਹਿਲਾਂ ਹੀ ਕਾਫੀ ਗਿਣਤੀ ਵਿੱਚ ਲੋਕ ਆਪਣੇ ਕੰਮਾਂ ਲਈ ਮੌਜੂਦ ਸਨ। ਆਈਆਂ ਮਹਿਲਾਵਾਂ ਨੂੰ ਵੀ ਪੂਰੇ ਸਤਿਕਾਰ ਨਾਲ ਉਡੀਕ ਕਮਰੇ ਵਿੱਚ ਬਿਠਾਇਆ ਗਿਆ ਅਤੇ ਉਨ੍ਹਾਂ ਦੇ ਕੰਮ ਬਾਰੇ ਜਾਣਕਾਰੀ ਲਈ ਗਈ।
ਉਨ੍ਹਾਂ ਦੱਸਿਆ ਕਿ ਮਹਿਲਾਵਾਂ ਵੱਲੋਂ ਪੈਨਸ਼ਨ ਲਵਾਉਣ ਸਬੰਧੀ ਗੱਲ ਕੀਤੀ ਗਈ, ਪਰ ਉਨ੍ਹਾਂ ਵੱਲੋਂ ਕੋਈ ਵੀ ਫਾਰਮ ਜਾਂ ਦਰਖ਼ਾਸਤ ਭਰੀ ਨਹੀਂ ਗਈ ਸੀ। ਇਸ ਉਪਰੰਤ ਦਫ਼ਤਰੀ ਸਟਾਫ ਵੱਲੋਂ ਤੁਰੰਤ ਉਨ੍ਹਾਂ ਦੇ ਨਾਮ ਨੋਟ ਕੀਤੇ ਗਏ ਅਤੇ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪੈਨਸ਼ਨ ਸਬੰਧੀ ਮਾਮਲਿਆਂ ਲਈ ਕਿਤੇ ਜਾਣ ਦੀ ਲੋੜ ਨਹੀਂ ਹੈ, ਸਗੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਹ ਸਹੂਲਤ 1076 ‘ਤੇ ਕਾਲ ਕਰਕੇ ਘਰ ਬੈਠੇ ਹੀ ਪ੍ਰਾਪਤ ਕਰਨ ਦੀ ਸਹੂਲਤ ਦਿੱਤੀ ਗਈ ਹੈ।
ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਾਬਕਾ ਵਿਧਾਇਕ ਵੱਲੋਂ ਬਿਨਾਂ ਕਿਸੇ ਵਾਜਬ ਕਾਰਨ ਸਿਰਫ ਵੀਡੀਓ ਬਣਾਉਣ ਅਤੇ ਆਪਣੀ ਸਿਆਸਤ ਚਮਕਾਉਣ ਲਈ ਇਹ ਸਾਰਾ ਨਾਟਕ ਕੀਤਾ ਗਿਆ ਹੈ, ਜੋ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਮਹਿਲਾਵਾਂ ਨੇ ਖੁਦ ਦੱਸਿਆ ਕਿ ਉਹ ਪਹਿਲੀ ਵਾਰ ਮੁੱਖ ਮੰਤਰੀ ਕੈਂਪ ਦਫ਼ਤਰ ਵਿਖੇ ਆਈਆਂ ਹਨ। ਦਫ਼ਤਰ ਵਿੱਚ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਗਿਆ। ਉਨ੍ਹਾਂ ਸਾਬਕਾ ਵਿਧਾਇਕ ਨੂੰ ਐਨੇ ਨੀਵੇਂ ਪੱਧਰ ਦੀ ਸਿਆਸਤ ਨਾ ਕਰਨ ਦੀ ਗੱਲ ਆਖਦਿਆਂ ਕਿਹਾ ਕਿ ਸਾਬਕਾ ਵਿਧਾਇਕ ਕੋਲ ਵੀ ਕੰਮ ਲਈ ਪੰਜ ਸਾਲ ਸਨ ਤੇ ਉਹਨਾਂ ਵੱਲੋਂ ਕੀਤੇ ਕੰਮ ਸਭ ਦੇ ਸਾਹਮਣੇ ਹਨ ਅਤੇ ਹੁਣ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਕੰਮ ਵੀ ਲੋਕ ਦੇਖ ਰਹੇ ਹਨ ਇਸ ਲਈ ਇੰਨੇ ਛੋਟੇ ਪੱਧਰ ਦੀ ਸਿਆਸਤ ਕਰਨ ਤੋਂ ਬਚਿਆ ਜਾਵੇ।
Click to Follow Babushahi Facebook page →