ਮੁੱਖ ਮੰਤਰੀ ਤੀਰਥ ਬੱਸ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਯਾਤਰੀਆਂ ਦੀ ਬੱਸ ਨੂੰ ਹਰੀ ਝੰਡੀ
ਫੇਜ਼-11 ਗੁਰਦੁਆਰਾ ਸਿੰਘ ਸਭਾ ਤੋਂ 40 ਸ਼ਰਧਾਲੂਆਂ ਦਾ ਜੱਥਾ ਅੰਮ੍ਰਿਤਸਰ ਲਈ ਰਵਾਨਾ
ਆਉਣ ਜਾਣ, ਰਹਿਣ ਸਹਿਣ ਅਤੇ ਖਾਣ ਪੀਣ ਦੇ ਮੁਕੰਮਲ ਪ੍ਰਬੰਧ ਸਰਕਾਰੀ ਤੌਰ 'ਤੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਫ਼ਰਵਰੀ:
ਵਿਧਾਇਕ ਮੋਹਾਲੀ ਸ. ਕੁਲਵੰਤ ਸਿੰਘ ਵੱਲੋਂ ਅੱਜ ਮੁੱਖ ਮੰਤਰੀ ਤੀਰਥ ਬੱਸ ਯਾਤਰਾ ਯੋਜਨਾ ਤਹਿਤ ਮੋਹਾਲੀ ਦੇ ਫੇਜ਼-11 ਸਥਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਤੋਂ ਤੀਰਥ ਯਾਤਰਾ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਬੱਸ ਵਿੱਚ 40 ਸ਼ਰਧਾਲੂਆਂ ਦਾ ਜੱਥਾ ਅੰਮ੍ਰਿਤਸਰ ਲਈ ਰਵਾਨਾ ਹੋਇਆ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਰੂਆਂ ਅਤੇ ਪੀਰਾਂ ਦੀ ਧਰਤੀ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਹ ਵਿਸ਼ੇਸ਼ ਪਹਿਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਭਗਵਾਨ ਵਾਲਮੀਕਿ ਮੰਦਰ ਆਦਿ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਅਤੇ ਜਲ੍ਹਿਆਂਵਾਲਾ ਬਾਗ਼ ਤੇ ਵਾਹਗਾ ਬਾਰਡਰ ਦੇਖ ਕੇ ਮੁੜ ਮੋਹਾਲੀ ਪਰਤਣਗੇ ਅਤੇ ਬਾਅਦ ਵਿੱਚ ਇਹ ਬੱਸ ਹੋਰ ਯਾਤਰੀਆਂ ਨੂੰ ਲੈ ਕੇ ਦੁਬਾਰਾ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ।
ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਲੋਕਾਂ ਦੁਆਰਾ ਚੁਣੀ ਗਈ ਅਤੇ ਲੋਕਾਂ ਨੂੰ ਸਮਰਪਿਤ ਸਰਕਾਰ ਹੈ, ਜੋ ਵਿਕਾਸਮੁਖੀ ਕੰਮਾਂ ਨੂੰ ਲਗਾਤਾਰ ਪੜਾਅਵਾਰ ਪੂਰਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੌਰਾਨ ਲੋੜੀਂਦੇ ਸਾਰੇ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਹਨ ਤਾਂ ਜੋ ਸ਼ਰਧਾਲੂ ਆਰਾਮਦਾਇਕ ਢੰਗ ਨਾਲ ਤੀਰਥ ਯਾਤਰਾ ਕਰ ਸਕਣ।
ਵਿਧਾਇਕ ਨੇ ਹੋਰ ਦੱਸਿਆ ਕਿ ਯਾਤਰਾ ਲਈ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇੱਕ ਪਰਿਵਾਰ ਵਿਚੋਂ ਇੱਕ ਮੈਂਬਰ ਜਾਂ ਪਤੀ-ਪਤਨੀ ਦੋਵੇਂ ਇਸ ਯਾਤਰਾ ਲਈ ਰਜਿਸਟਰ ਕਰਵਾ ਸਕਦੇ ਹਨ ਅਤੇ ਯਾਤਰੀਆਂ ਦੀ ਗਿਣਤੀ 40 ਤੋਂ ਵਧਣ 'ਤੇ ਚੋਣ ਡਰਾਅ ਰਾਹੀਂ ਪਿੰਡ, ਮਹੱਲਾ ਅਤੇ ਪੋਲਿੰਗ ਬੂਥ ਦੇ ਅਧਾਰ ‘ਤੇ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਤਿੰਨ ਦਿਨ ਅਤੇ ਦੋ ਰਾਤਾਂ ਦੀ ਇਸ ਧਾਰਮਿਕ ਯਾਤਰਾ ਦੌਰਾਨ ਆਉਣ-ਜਾਣ ਲਈ ਮੁਫ਼ਤ ਏ ਸੀ ਬੱਸਾਂ, ਰਹਿਣ ਲਈ ਏ ਸੀ ਕਮਰੇ, ਤਿੰਨ ਸਮੇਂ ਦਾ ਖਾਣਾ, ਚਾਹ ਅਤੇ ਸਨੈਕਸ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਹਰ ਬੱਸ ਵਿੱਚ ਸਹਾਇਕ ਅਤੇ ਡਾਕਟਰੀ ਟੀਮ ਵੀ ਮੌਜੂਦ ਰਹੇਗੀ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਹਾਇਤਾ ਦਿੱਤੀ ਜਾ ਸਕੇ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਹ ਸੀਨੀਅਰ ਸਿਟੀਜ਼ਨਾਂ ਲਈ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਬਜ਼ੁਰਗਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਇਕ-ਇਕ ਕਰਕੇ ਲਾਗੂ ਕੀਤਾ ਜਾ ਰਿਹਾ ਹੈ ਅਤੇ ਲੋਕ ਭਲਾਈ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਇਸ ਮੌਕੇ ਮੁੱਖ ਮੰਤਰੀ ਤੀਰਥ ਯਾਤਰਾ ਦੇ ਹਲਕਾ ਕੋਆਰਡੀਨੇਟਰ ਫੂਲਰਾਜ ਸਿੰਘ, ਬਲਾਕ ਪ੍ਰਧਾਨ ਤਰਨਜੀਤ ਸਿੰਘ, ਰਣਜੀਤ ਸਿੰਘ ਢਿੱਲੋਂ, ਹਰਪਾਲ ਸਿੰਘ, ਗੱਜਣ ਸਿੰਘ, ਸਵਰਨ ਲਤਾ, ਸੋਨੀਆ, ਉਪਿੰਦਰ ਕੌਰ, ਹਰਵਿੰਦਰ ਕੌਰ, ਕੈਪਟਨ ਕਰਨੈਲ ਸਿੰਘ, ਬੱਸ ਗਾਈਡ ਸੁਖਪ੍ਰੀਤ ਸਿੰਘ, ਮੈਡਮ ਸਵਿਤਾ, ਸੁਖਚੈਨ ਸਿੰਘ, ਗੁਰਮੀਤ ਸਿੰਘ, ਰਣਜੀਤ ਸਿੰਘ, ਅਮਰਜੀਤ ਸਿੰਘ, ਜਗਦੀਸ਼ ਸਿੰਘ, ਹਰਜੀਤ ਸਿੰਘ, ਵਿਕਰਮ ਸਿੰਘ ਸੰਧੂ ਸਮੇਤ ਹੋਰ ਹਾਜ਼ਰ ਸਨ।