ਮਾਨਸਾ 'ਚ ਕੀਤੇ ਪੁਲਸ ਜ਼ਬਰ ਦੇ ਰੋਸ ਤਹਿਤ ਪਾਇਲ ਠਾਣੇ ਅੱਗੇ ਕੀਤਾ ਰੋਸ ਧਰਨਾ: ਬੀਕੇਯੂ
ਰਵਿੰਦਰ ਢਿੱਲੋ
ਖੰਨਾ, 28 ਅਕਤੂਬਰ 2026- ਮਾਨਸਾ ਚ ਪੁਲੀਸ ਜਬਰ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਿੱਤੇ ਗਏ ਸੱਦੇ 'ਤੇ ਪੁਲੀਸ ਥਾਣਿਆਂ ਅੱਗੇ ਰੋਸ ਧਰਨਾ ਦੇਣ ਤਹਿਤ ਥਾਣਾ ਪਾਇਲ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਬਲਾਕ ਸਕੱਤਰ ਜਸਵੀਰ ਸਿੰਘ ਅਸਗਰੀਪੁਰ ਨੇ ਸੰਬੋਧਨ ਕਰਦਿਆ ਕਿਹਾ ਕਿ ਜੋ ਸੂਬਾ ਸਰਕਾਰ ਵੱਲੋਂ ਨੰਗਾ ਚਿੱਟਾ ਨਾਚ ਨਚਾਇਆ ਜਾ ਰਿਹਾ ਹੈ ਉਹ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮਾਨਸਾ ਧਰਨੇ 'ਤੇ ਲੋਕਾਂ ਨਾਲ ਧੱਕੇਸ਼ਾਹੀ ਕਰਨਾ ਬਹੁਤ ਹੀ ਮੰਦਭਾਗਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਵੀ ਮ੍ਰਿਤਕ ਦੇਹਾਂ ਦੇ ਧੱਕੇ ਨਾਲ ਸਸਕਾਰ ਕੀਤੇ, ਹੁਣ ਵੀ ਦਲਜੀਤ ਸਿੰਘ ਭਮਾ ਦਾ ਸਸਕਾਰ ਕਰਨ ਨੂੰ ਫਿਰਦੀ ਆ। ਆਗੂਆਂ ਨੇ ਮੰਗ ਕੀਤੀ ਕਿ ਦਲਜੀਤ ਸਿੰਘ ਭੰਮਾ ਦੀ ਡੈੱਡ ਬਾਡੀ ਉਹਨਾਂ ਦੇ ਮਾਪਿਆਂ ਦੇ ਸਪੁਰਦ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਪੁਲੀਸ ਦਾ ਜੋ ਰਾਹ ਫੜਿਆ ਹੈ ਉਸ ਦਾ ਸਾਨੂੰ ਵਿਰੋਧ ਕਰਨ ਦੀ ਲੋੜ ਹੈ ਕਿਉਂਕਿ ਸਰਕਾਰ ਵੱਲੋਂ ਜਿਸ ਤਰੀਕੇ ਦੇ ਨਾਲ ਸਾਡੇ ਉੱਪਰ ਨੰਗੇ ਚਿੱਟੇ ਹਮਲੇ ਕੀਤੇ ਜਾ ਰਹੇ ਹਨ। ਉਹਨਾਂ ਨੂੰ ਰੋਕਣ ਲਈ ਸਾਨੂੰ ਸਾਰੀਆਂ ਹੋਰ ਜਨਤਕ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸੰਘਰਸ਼ਾਂ ਦੇ ਰਾਹ ਪੈਣ ਦੀ ਲੋੜ ਹੈ। ਇਸ ਮੌਕੇ ਬਲਾਕ ਪ੍ਰਧਾਨ ਹਾਕਮ ਸਿੰਘ ਜਰਗੜੀ, ਹਰਜੀਤ ਸਿੰਘ ਘਲੋਟੀ, ਠੇਕਾ ਮੁਲਾਜ਼ਮ ਜਸਵਿੰਦਰ ਸਿੰਘ, ਸੁਖਪ੍ਰੀਤ ਸਿੰਘ ਤੇ ਪਰਮਵੀਰ ਸਿੰਘ ਘਲੋਟੀ ਨੇ ਵੀ ਸੰਬੋਧਨ ਕੀਤਾ।
- Download Babushahi App
-
-