ਮਜੀਠੀਆ ਦਾ ਵੱਡਾ ਬਿਆਨ! "ਮੈਂ ਸਾਰਿਆਂ ਨੂੰ ਇਕੱਠੇ ਕਰਾਂਗਾ, ਅਕਾਲੀ ਦਲ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ" (ਵੇਖੋ ਵੀਡੀਓ)
ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਮਿਲੇ ਸਮਰਥਨ ਲਈ ਕੀਤਾ ਸਭ ਦਾ ਧੰਨਵਾਦ; ਨਾਰਾਜ਼ ਆਗੂਆਂ ਨੂੰ ਮੁੜ ਜੋੜਨ ਦਾ ਵਿੱਢਿਆ ਅਹਿਦ
Babushahi Network
ਚੰਡੀਗੜ੍ਹ, 4 ਫਰਵਰੀ 2026: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਆਪਣੇ ਤੇਵਰ ਦਿਖਾਉਂਦਿਆਂ ਮਜੀਠੀਆ ਨੇ ਐਲਾਨ ਕੀਤਾ ਕਿ ਉਹ ਪਾਰਟੀ ਤੋਂ ਦੂਰ ਹੋਏ ਨਾਰਾਜ਼ ਆਗੂਆਂ ਨੂੰ ਮੁੜ ਇਕੱਠਾ ਕਰਨ ਲਈ ਪੂਰੀ ਵਾਹ ਲਾਉਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਲੋਕ ਇੱਕ ਮਜ਼ਬੂਤ ਸ਼੍ਰੋਮਣੀ ਅਕਾਲੀ ਦਲ ਦੇਖਣਾ ਚਾਹੁੰਦੇ ਹਨ ਅਤੇ ਉਹ ਸਭ ਨੂੰ ਨਾਲ ਲੈ ਕੇ ਚੱਲਣ ਦੇ ਹੱਕ ਵਿੱਚ ਹਨ।
ਮਜੀਠੀਆ ਨੇ ਬੜੇ ਸਾਫ਼ ਲਫ਼ਜ਼ਾਂ ਵਿੱਚ ਕਿਹਾ, "ਮੈਂ ਸਭ ਨੂੰ ਇਕੱਠੇ ਕਰਾਂਗਾ। ਲੋਕ ਇੱਕ ਮਜ਼ਬੂਤ ਸ਼੍ਰੋਮਣੀ ਅਕਾਲੀ ਦਲ ਚਾਹੁੰਦੇ ਹਨ ਅਤੇ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰਿਆਂ ਨੂੰ ਮੁੜ ਇੱਕ ਮੰਚ 'ਤੇ ਲਿਆਵਾਂਗਾ।" ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਉਹ ਹਰ ਕੁਰਬਾਨੀ ਦੇਣ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਲਈ ਤਿਆਰ ਹਨ।
ਮਜੀਠੀਆ ਨੇ ਕਿਹਾ ਕਿ ਮੁਸ਼ਕਿਲ ਘੜੀ ਵਿੱਚ ਉਨ੍ਹਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੱਡੇ ਪੱਧਰ ਤੇ ਸਮਰਥਨ ਮਿਲਿਆ। ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਸੁਖਪਾਲ ਖਹਿਰਾ, ਚਰਨਜੀਤ ਸਿੰਘ ਚੰਨੀ, ਸ਼ਵੈਤ ਮਲਕ ਸਮੇਤ ਹੋਰਨਾਂ ਆਗੂਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਨਸਾਫ਼ ਦੀ ਲੜਾਈ ਵਿੱਚ ਉਨ੍ਹਾਂ ਦਾ (ਮਜੀਠੀਆ) ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਸਿਆਸੀ ਮੱਤਭੇਦ ਆਪਣੀ ਥਾਂ ਹਨ, ਪਰ ਬੇਇਨਸਾਫ਼ੀ ਦੇ ਖ਼ਿਲਾਫ਼ ਸਾਰੇ ਇੱਕਜੁੱਟ ਹੋਏ।
ਛੱਡ ਕੇ ਗਏ ਆਗੂਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਪਰਮਿੰਦਰ ਸਿੰਘ ਢੀਂਡਸਾ ਅਤੇ ਚੰਦੂਮਾਜਰਾ ਪਰਿਵਾਰ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਨਾਲ ਅੱਜ ਵੀ ਉਨ੍ਹਾਂ ਦੇ ਭਰਾਵਾਂ ਵਰਗੇ ਸਬੰਧ ਹਨ ਅਤੇ ਇਹ ਲੋਕ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਦੀਆਂ ਅਦਾਲਤੀ ਤਾਰੀਕਾਂ 'ਤੇ ਵੀ ਪਹੁੰਚਦੇ ਰਹੇ ਹਨ। ਮਜੀਠੀਆ ਨੇ ਮੀਡੀਆ ਨੂੰ 'ਬ੍ਰੇਕਿੰਗ ਨਿਊਜ਼' ਦਿੰਦਿਆਂ ਕਿਹਾ ਕਿ ਜਲਦ ਹੀ ਅਕਾਲੀ ਦਲ ਵਿੱਚ ਵੱਡੀ ਸਿਆਸੀ ਵਾਪਸੀ ਦੇਖਣ ਨੂੰ ਮਿਲੇਗੀ।