ਮਜੀਠੀਆ ਖ਼ਿਲਾਫ਼ AAP ਦਾ ਪੁਤਲਾ ਫੂਕ ਮੁਜ਼ਾਹਰਾ
Babushahi Network
ਮਜੀਠਾ / ਅੰਮ੍ਰਿਤਸਰ 28 ਅਕਤੂਬਰ 2026: ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਇੱਕ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ 'ਆਪ' ਵਰਕਰਾਂ ਨੇ ਜ਼ੋਰਦਾਰ ਨਾਅਰੇ ਲਾਏ ਅਤੇ ਬਿਕਰਮ ਸਿੰਘ ਮਜੀਠੀਆ ਦਾ ਪੁਤਲਾ ਫੂਕਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਵੱਡੀ ਦਲੇਰੀ ਨਾਲ ਕੰਮ ਕਰਦਿਆਂ ਨਸ਼ਾ ਤਸਕਰਾਂ ਉੱਤੇ ਸ਼ਿਕੰਜਾ ਕੱਸਿਆ ਹੈ।
ਕਾਨੂੰਨ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਿਹਾ ਹੈ ਅਤੇ ਪੁਲਿਸ ਵੱਲੋਂ ਮਜੀਠੀਆ ਖ਼ਿਲਾਫ਼ 40 ਹਜ਼ਾਰ ਤੋਂ ਵੀ ਵੱਧ ਪੰਨਿਆਂ ਦੀ ਦੋਸ਼-ਪੱਤਰੀ (ਚਾਰਜਸ਼ੀਟ) ਅਦਾਲਤ ਵਿੱਚ ਪੇਸ਼ ਕਰ ਦਿੱਤੀ ਗਈ ਹੈ। ਗਿੱਲ ਨੇ ਕਿਹਾ ਕਿ ਮਜੀਠੀਆ ਦੇ 10 ਸਾਲਾਂ ਦੇ ਰਾਜ ਦੌਰਾਨ ਕੀਤੇ ਗਏ ਗੁਨਾਹਾਂ ਦਾ ਲੇਖਾ-ਜੋਖਾ ਇੰਨਾ ਵੱਡਾ ਹੈ ਕਿ ਦੋਸ਼-ਪੱਤਰੀ ਦਾ ਇੰਨੇ ਪੰਨਿਆਂ ਦੀ ਬਣਨਾ ਸੁਭਾਵਿਕ ਸੀ। ਅਦਾਲਤ ਵੱਲੋਂ ਇਸ ਹੰਕਾਰੀ ਆਗੂ ਨੂੰ ਬਹੁਤ ਜਲਦ ਉਸ ਦੇ ਕੀਤੇ ਦੀ ਸਜ਼ਾ ਮਿਲੇਗੀ।
- Download Babushahi App
-
-