ਭਾਸ਼ਾ ਵਿਭਾਗ ਪੰਜਾਬ ਨੇ ਬਠਿੰਡਾ ਵਿਖੇ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ
ਅਸ਼ੋਕ ਵਰਮਾ
ਬਠਿੰਡਾ, 29 ਅਕਤੂਬਰ 2026 :ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਐੱਮ.ਜੀ.ਡੀ.ਏ.ਵੀ. ਕਾਲਜ, ਬਠਿੰਡਾ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿੱਚੋਂ ਲਗਭਗ 150 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਰਾਜੀਵ ਸ਼ਰਮਾ, ਪ੍ਰਿੰਸੀਪਲ ਐੱਮ.ਜੀ.ਡੀ.ਏ.ਵੀ. ਕਾਲਜ ਬਠਿੰਡਾ ਨੇ ਸ਼ਿਰਕਤ ਕੀਤੀ।ਇਸ ਮੌਕੇ ਡਾ. ਰਾਜੀਵ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਭਾਸ਼ਾ ਵਿਭਾਗ ਦੇ ਵਿਦਿਆਰਥੀਆਂ ਨੂੰ ਸੇਧ ਦੇਣ ਵਾਲ਼ੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਡੀ.ਏ.ਵੀ. ਕਾਲਜ ਪੰਜਾਬੀ ਭਾਸ਼ਾ ਦੇ ਫੈਲਾਅ ਲਈ ਹਰ ਤਰ੍ਹਾਂ ਨਾਲ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਦੇ ਨਾਲ ਸਹਿਯੋਗ ਦੇਣ ਲਈ ਵਚਨਬੱਧ ਹੈ।
ਇਸ ਦੌਰਾਨ ਜ਼ਿਲ੍ਹਾ ਭਾਸ਼ਾ ਅਫ਼ਸਰ, ਬਠਿੰਡਾ ਕੀਰਤੀ ਕਿਰਪਾਲ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਨਾਲ਼-ਨਾਲ਼ ਭਾਸ਼ਾ ਵਿਭਾਗ ਦਾ ਮੂਲ ਮੰਤਵ ਵਿਦਿਆਰਥੀਆਂ ਨੂੰ ਰੂਹ ਤੋਂ ਸਾਹਿਤ ਨਾਲ਼ ਜੋੜਨਾ ਹੈ। ਇਸੇ ਮਕਸਦ ਨੂੰ ਮੁੱਖ ਰੱਖਦੇ ਹੋਏ ਭਾਸ਼ਾ ਵਿਭਾਗ ਪੰਜਾਬ ਵਿਦਿਆਰਥੀਆਂ ਨੂੰ ਇਹ ਮੰਚ ਪ੍ਰਦਾਨ ਕਰ ਰਿਹਾ ਹੈ।ਸਾਹਿਤ ਸਿਰਜਣ ਮੁਕਾਬਲਿਆਂ ਦਾ ਮੁਲਾਂਕਣ ਕਰਨ ਲਈ ਉੱਘੇ ਕਵੀ ਅਮਰਜੀਤ ਜੀਤ, ਸਹਾਇਕ ਪ੍ਰੋਫੈਸਰ ਜਸਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਗੁਰਮਿੰਦਰਜੀਤ ਕੌਰ ਅਤੇ ਕਹਾਣੀਕਾਰ ਹਰਦੀਪ ਸਿੰਘ ਮੌਜੂਦ ਸਨ। ਕਵਿਤਾ ਗਾਇਨ ਮੁਕਾਬਲਿਆਂ ਦੀ ਜੱਜਮੈਂਟ ਉੱਘੇ ਸਾਹਿਤਕਾਰ ਡਾ. ਪ੍ਰਦੀਪ ਕੌੜਾ, ਕਵੀ ਕੁਲਦੀਪ ਬੰਗੀ, ਅਤੇ ਡੀ.ਏ.ਵੀ. ਕਾਲਜ ਦੇ ਸੰਗੀਤ ਵਿਭਾਗ ਦੇ ਸਹਾਇਕ ਪ੍ਰੋਫੈਸਰ ਲਖਵੀਰ ਸਿੰਘ ਨੇ ਕੀਤੀ।
ਇਸ ਮੌਕੇ ਲੇਖ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਜਾਨਵੀਰ ਕੌਰ, ਸ੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਨਥਾਣਾ, ਦੂਜਾ ਸਥਾਨ ਜਸਲੀਨ ਕੌਰ ਸ੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਨਥਾਣਾ, ਤੀਜਾ ਸਥਾਨ ਲੱਛਮੀ ਸਰਕਾਰੀ ਸੀਨੀ.ਸੈਕੰ. ਸਕੂਲ, ਮਾਈਸਰਖਾਨਾ ਨੇ ਪ੍ਰਾਪਤ ਕੀਤਾ। ਕਹਾਣੀ ਰਚਨਾ ਮੁਕਾਬਲੇ 'ਚ ਪਹਿਲਾ ਸਥਾਨ ਸੁਮਨਦੀਪ ਕੌਰ ਸਰਕਾਰੀ ਸਕੂਲ ਰਾਜਗੜ੍ਹ, ਦੂਜਾ ਸਥਾਨ ਤਕਦੀਰ ਕੌਰ ਸਰਕਾਰੀ ਕੰਨਿਆ ਸਕੂਲ ਮਾਲ ਰੋਡ, ਬਠਿੰਡਾ ਅਤੇ ਤੀਜਾ ਸਥਾਨ ਮਹਿਰੀਨ ਕੌਰ ਮਾਊਂਟ ਲਿਟਰਾ ਜੀ ਸਕੂਲ, ਬਠਿੰਡਾ ਨੇ ਹਾਸਿਲ ਕੀਤਾ। ਕਵਿਤਾ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਬਰਿੰਦਰਜੀਤ ਕੌਰ ਸਰਕਾਰੀ ਕੰਨਿਆ ਸਕੂਲ ਮੰਡੀ ਕਲਾਂ, ਦੂਜਾ ਸਥਾਨ ਮਹਿਕਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਰਾਜਗੜ੍ਹ ਅਤੇ ਤੀਜਾ ਸਥਾਨ ਹਰਮਨਪ੍ਰੀਤ ਕੌਰ ਮੈਰੀਟੋਰੀਅਸ ਸਕੂਲ, ਬਠਿੰਡਾ ਨੇ ਪ੍ਰਾਪਤ ਕੀਤਾ। ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਹਰਕੀਰਤ ਸਿੰਘ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ, ਦੂਜਾ ਸਥਾਨ ਮਿਲਾਪ ਸਿੰਘ ਦੇਸਰਾਜ ਸਰਕਾਰੀ ਸੀਨੀ.ਸੈਕੰ. ਸਕੂਲ ਬਠਿੰਡਾ ਅਤੇ ਤੀਜਾ ਸਥਾਨ ਧਵਲੇਸ਼ਵਰਬੀਰ ਸਿੰਘ ਜ਼ੇਵੀਅਰ ਵਰਲਡ ਸਕੂਲ ਬਠਿੰਡਾ ਨੇ ਪ੍ਰਾਪਤ ਕੀਤਾ। ਤਪੱਸਿਆ ਸਰਕਾਰੀ ਸਕੂਲ ਕੰਨਿਆ ਮਾਲ ਰੋਡ ਬਠਿੰਡਾ ਨੂੰ ਹੌਸਲਾ ਅਫ਼ਜਾਈ ਪੁਰਸਕਾਰ ਦਿੱਤਾ ਗਿਆ। ਇਸ ਤੋਂ ਇਲਾਵਾ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਖੋਜ ਅਫ਼ਸਰ ਨਵਪ੍ਰੀਤ ਸਿੰਘ ਵੱਲੋਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਦੇ ਵਿਕਰੀ ਕੇਂਦਰ ਇੰਚਾਰਜ ਸੁਖਮਨੀ ਸਿੰਘ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਮੁਕਾਬਲਿਆਂ ਦੌਰਾਨ ਸਿੱਖਿਆ ਵਿਭਾਗ ਤੋਂ ਅਧਿਆਪਕ ਹਰਸਿਮਰਨ ਸਿੰਘ, ਗੁਰਭਿੰਦਰ ਸਿੰਘ, ਅਜੈ ਕੁਮਾਰ, ਕਿਰਨਦੀਪ ਕੌਰ ਗਿੱਲ ,ਰਾਜਵੀਰ ਕੌਰ ਅਤੇ ਸ਼੍ਰੀ ਅਨਿਲ ਕੁਮਾਰ ਆਦਿ ਹਾਜ਼ਿਰ ਸਨ।
- Download Babushahi App
-
-