ਬੇਰੁਜ਼ਗਾਰ ਲਾਉਣਗੇ ਸੱਥ, ਹੋਣਗੇ ਸਵਾਲ
ਮੁੱਖ ਮੰਤਰੀ ਪੰਜਾਬ ਨੂੰ ਕਰਤਾ ਖੁੱਲ੍ਹਾ ਚੈਲੇਂਜ
ਪੰਜ ਮਹੀਨੇ ਤੋਂ ਪੱਕਾ ਮੋਰਚਾ ਜਾਰੀ
ਦਲਜੀਤ ਕੌਰ / ਬਾਬੂਸ਼ਾਹੀ ਬਿਊਰੋ
ਸੰਗਰੂਰ, 23 ਮਈ, 2026: 25 ਦਸੰਬਰ 2025 ਤੋ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਗੇਟ ਅੱਗੇ ਚੱਲਦੇ ਬੇਰੁਜ਼ਗਾਰਾਂ ਦੇ ਪੱਕੇ ਮੋਰਚੇ ਨੂੰ ਪੂਰੇ ਪੰਜ ਮਹੀਨੇ ਹੋ ਚੁੱਕੇ ਹਨ। ਪਰੰਤੂ ਬੇਰੁਜ਼ਗਾਰਾਂ ਨੂੰ ਅਜੇ ਤੱਕ ਰੁਜ਼ਗਾਰ ਪ੍ਰਾਪਤ ਨਹੀਂ ਹੋਇਆ। ਇਸ ਲਈ ਖ਼ਫ਼ਾ ਹੋਏ ਬੇਰੁਜ਼ਗਾਰ 24 ਮਈ ਨੂੰ ਆਪਣੀ “ਬੇਰੁਜ਼ਗਾਰਾਂ ਦੀ ਸੱਥ” ਲਗਾ ਕੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨੂੰ ਬਹਿਸ ਲਈ ਸੱਦਾ ਦੇਣਗੇ। ਉਕਤ ਜਾਣਕਾਰੀ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਝੁਨੀਰ ਨੇ ਸਾਂਝੇ ਰੂਪ ਵਿੱਚ ਦਿੱਤੀ। ਉਹਨਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਕ੍ਰਾਂਤੀ ਮਹਿਜ਼ ਪ੍ਰਚਾਰ ਤੱਕ ਸੀਮਤ ਹੈ, ਜ਼ਮੀਨੀ ਪੱਧਰ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਸਵਾ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਇੱਕ ਵੀ ਨਵੀਂ ਅਸਾਮੀ ਨਹੀਂ ਕੱਢੀ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਲੈਕਚਰਾਰ, ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਪਈਆਂ ਅਸਾਮੀਆਂ ਜਾਰੀ ਕਰਵਾਉਣ, ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕਰਵਾਉਣ, ਉਮਰ ਹੱਦ ਛੋਟ ਲੈਣ, ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਕਰਵਾਉਣ ਅਤੇ ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਸਮੇਤ ਜਾਰੀ ਕਰਵਾਉਣ ਦੀ ਮੰਗ ਨੂੰ ਲੈਕੇ ਮੁੱਖ ਸ੍ਰ ਭਗਵੰਤ ਮਾਨ ਨਾਲ ਸਿੱਧੀ ਗੱਲਬਾਤ ਕਰਨਗੇ। ਉਹਨਾਂ ਕਿਹਾ ਕਿ ਸ੍ਰ ਮਾਨ ਨੇ ਪਿਛਲੇ ਸਵਾ ਚਾਰ ਸਾਲਾਂ ਵਿੱਚ ਇੱਕ ਵੀ ਮੀਟਿੰਗ ਬੇਰੁਜ਼ਗਾਰਾਂ ਨਾਲ ਨਹੀਂ ਕੀਤੀ, ਸਗੋ ਜੇਕਰ ਉਹਨਾਂ ਦੀ ਕਿਧਰੇ ਵੀ ਆਮਦ ਮੌਕੇ ਬੇਰੁਜ਼ਗਾਰ ਉਹਨਾਂ ਨੂੰ ਮਿਲਣ ਦੀ ਕੋਸਿਸ਼ ਕਰਦੇ ਹਨ ਤਾਂ ਪੁਲਿਸ ਪ੍ਰਸ਼ਾਸ਼ਨ ਪਹਿਲਾਂ ਹੀ ਉਹਨਾਂ ਨੂੰ ਜੇਲਾਂ ਵਿੱਚ ਤੁੰਨ ਦਿੰਦਾ ਹੈ। ਇਸ ਲਈ ਬੇਰੁਜ਼ਗਾਰ ਸਥਾਨਕ ਸ਼ਹਿਰ ਅੰਦਰ ਆਪਣੀ ਸੱਥ ਲਗਾ ਕੇ ਮੁੱਖ ਮੰਤਰੀ ਨੂੰ ਉਕਤ ਰੁਜ਼ਗਾਰ ਵਾਲ਼ੇ ਮੁੱਦੇ ਉੱਤੇ ਬਹਿਸ ਲਈ ਸੱਦਾ ਦੇਣਗੇ। ਜੇਕਰ ਉਹਨਾਂ ਸੱਦਾ ਕਬੂਲ ਨਾ ਕੀਤਾ ਤਾਂ ਅਗਲਾ ਸੰਘਰਸ਼ ਕੀਤਾ ਜਾਵੇਗਾ। ਇਸ ਲਈ ਉਹਨਾਂ ਸਮੂਹ ਬੇਰੁਜ਼ਗਾਰਾਂ ਨੂੰ 24 ਮਈ ਦਿਨ ਐਤਵਾਰ ਨੂੰ ਸਵੇਰੇ 11 ਵਜੇ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਅੱਗੇ ਚੱਲਦੇ ਪੱਕੇ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਗੁਰਵਿੰਦਰ ਸਿੰਘ ਜਖੇਪਲ, ਗੁਲਾਬ ਸਿੰਘ, ਰਵਿੰਦਰ ਸਿੰਘ ਦੁੱਗਾਂ, ਲੱਖਾ ਬੀਹਲਾ ਆਦਿ ਹਾਜ਼ਰ ਸਨ।
- Download Babushahi App
-
-