ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ 25 ਜੂਨ ਨੂੰ: ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 24 ਜੂਨ 2026- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਸਿੱਖ ਕੌਮ ਦੇ ਮਹਾਨ ਯੋਧਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ 25 ਜੂਨ ਨੂੰ ਸ਼ਹੀਦੀ ਅਸਥਾਨ ਗੁਰਦੁਆਰਾ ਬਾਬਾ ਬੰਦਾ ਸਿੰਘ ਜੀ ਬਹਾਦਰ, ਮਹਿਰੌਲੀ (ਨਵੀਂ ਦਿੱਲੀ) ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਸੱਚ, ਨਿਆਂ ਅਤੇ ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਮਲ ਕਰਕੇ ਜ਼ੁਲਮ ਅਤੇ ਤਾਨਾਸ਼ਾਹੀ ਦੇ ਵਿਰੁਧ ਇਤਿਹਾਸਕ ਸੰਘਰਸ਼ ਲੜਿਆ। ਉਨ੍ਹਾਂ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਉਹ ਸੁਨਹਿਰਾ ਅਧਿਆਇ ਹੈ ਜੋ ਹਰ ਪੀੜ੍ਹੀ ਨੂੰ ਧਰਮ, ਹਿੰਮਤ ਅਤੇ ਕੁਰਬਾਨੀ ਦਾ ਸੰਦੇਸ਼ ਦਿੰਦਾ ਰਹੇਗਾ।
ਉਨ੍ਹਾਂ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸਵੇਰੇ 4:00 ਵਜੇ ਪਾਠ ਸ੍ਰੀ ਸੁਖਮਨੀ ਸਾਹਿਬ ਅਤੇ ਨਿਤਨੇਮ ਨਾਲ ਹੋਵੇਗੀ। ਇਸ ਉਪਰੰਤ ਸਵੇਰੇ 6:00 ਤੋਂ 8:15 ਵਜੇ ਤੱਕ ਭਾਈ ਜਗਦੀਪ ਸਿੰਘ, ਹਜ਼ੂਰੀ ਰਾਗੀ ਜਥਾ ਗੁਰਦੁਆਰਾ ਸੀਸ ਗੰਜ ਸਾਹਿਬ ਵੱਲੋਂ ਆਸਾ ਦੀ ਵਾਰ ਦਾ ਕੀਰਤਨ ਕੀਤਾ ਜਾਵੇਗਾ।
ਸਵੇਰੇ 9:15 ਤੋਂ 10:15 ਵਜੇ ਤੱਕ ਭਾਈ ਸੁਖਵਿੰਦਰ ਸਿੰਘ, ਹੈੱਡ ਗ੍ਰੰਥੀ ਗੁਰਦੁਆਰਾ ਬਾਲਾ ਸਾਹਿਬ ਵੱਲੋਂ ਗੁਰਮਤਿ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਅਤੇ ਸਿੱਖੀ ਸਿਧਾਂਤਾਂ ਨਾਲ ਜੋੜਿਆ ਜਾਵੇਗਾ। ਇਸ ਤੋਂ ਬਾਅਦ 10:15 ਤੋਂ 11:15 ਵਜੇ ਤੱਕ ਭਾਈ ਮਨੋਹਰ ਸਿੰਘ, ਭਾਈ ਗੁਰਿੰਦਰ ਸਿੰਘ ਅਤੇ ਭਾਈ ਵਜ਼ੀਰ ਸਿੰਘ, ਹਜ਼ੂਰੀ ਕੀਰਤਨੀਏ ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
11:15 ਵਜੇ ਤੋਂ 12:30 ਵਜੇ ਤੱਕ ਪ੍ਰਸਿੱਧ ਕੀਰਤਨੀਏ ਭਾਈ ਕੁਲਵਿੰਦਰ ਸਿੰਘ ਖਰੜ ਵਾਲੇ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰਨਗੇ। ਇਸ ਉਪਰੰਤ 12:00 ਤੋਂ 12:45 ਵਜੇ ਤੱਕ ਪੰਥਕ ਵਿਚਾਰਾਂ ਦਾ ਵਿਸ਼ੇਸ਼ ਸੈਸ਼ਨ ਹੋਵੇਗਾ, ਜਿਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ, ਸੰਘਰਸ਼ ਅਤੇ ਪੰਥ ਪ੍ਰਤੀ ਵਡਮੁਲੀ ਦੇਣ ਤੇ ਚਰਚਾ ਕੀਤੀ ਜਾਵੇਗੀ।
ਦੁਪਹਿਰ 12:45 ਤੋਂ 2:00 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਿਮਰਪ੍ਰੀਤ ਸਿੰਘ ਜੀ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਣਗੇ।
ਸਮਾਗਮ ਦੇ ਅੰਤਿਮ ਪੜਾਅ ਵਿੱਚ ਦੁਪਹਿਰ 2:00 ਤੋਂ 3:00 ਵਜੇ ਤੱਕ ਵਿਸ਼ੇਸ਼ ਕਵੀ ਦਰਬਾਰ ਸਜਾਇਆ ਜਾਵੇਗਾ, ਜਿਸ ਵਿੱਚ ਪ੍ਰਸਿੱਧ ਕਵੀ ਸਰਦਾਰ ਮੱਖਣ ਸਿੰਘ ਧਾਲੀਵਾਲ, ਸਰਦਾਰ ਜਸਪ੍ਰੀਤ ਸਿੰਘ ਜੱਸ, ਸਰਦਾਰ ਬਲਬੀਰ ਸਿੰਘ ਕਮਲ, ਸਰਦਾਰ ਗੁਰਬਚਨ ਸਿੰਘ ਚਰਨ ਅਤੇ ਬੀਬੀ ਸੁਰਿੰਦਰ ਕੌਰ ਕ੍ਰਿਸ਼ਨਾ ਪਾਰਕ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਸ਼ਖਸੀਅਤ ਨੂੰ ਸ਼ਰਧਾਂਜਲੀ ਭੇਟ ਕਰਨਗੇ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਗੁਰਮਤਿ ਸਮਾਗਮ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਪ੍ਰਾਪਤ ਕਰਨ। ਸਮਾਗਮ ਦੀ ਸਮਾਪਤੀ ਅਰਦਾਸ ਨਾਲ ਹੋਵੇਗੀ, ਜਿਸ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ।
- Download Babushahi App
-
-