ਬਰਜਿੰਦਰ ਬਰਾੜ ਦੀ ਪੁਸਤਕ ਰਿਲੀਜ਼ ਕਰਨ ਲਈ ਸਾਹਿਤਕ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 14 ਫਰਵਰੀ 2026 : ਟੀਚਰਜ਼ ਹੋਮ ਬਠਿੰਡਾ ਵਿਖੇ ਬਰਜਿੰਦਰ ਸਿੰਘ ਬਰਾੜ ਦੀ ਪੁਸਤਕ ਪੰਜਾਬ ਸਟੂਡੈਂਟਸ ਯੂਨੀਅਨ ਤੇ ਮੇਰਾ ਜੀਵਨ ਸਫ਼ਰਨਾਮਾ ਰਿਲੀਜ਼ ਕਰਨ ਲਈ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਬੱਗਾ ਸਿੰਘ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਬਰਜਿੰਦਰ ਸਿੰਘ ਬਰਾੜ, ਜਸਵਿੰਦਰ ਸਿੰਘ, ਕਰਤਾਰ ਸਿੰਘ ਬਰਾੜ, ਜਸਪਾਲ ਮਾਨਖੇੜਾ, ਤਰਸੇਮ ਨਰੂਲਾ ਸ਼ਾਮਲ ਸਨ। ਇਸ ਮੌਕੇ ਰਣਜੀਤ ਲਹਿਰਾ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਤਰਕਸ਼ੀਲ ਆਗੂ ਭੂਰਾ ਸਿੰਘ ਮਹਿਮਾ ਸਰਜਾ ਨੇ ਜੀ ਆਇਆ ਆਖਦਿਆਂ ਕਿਹਾ ਕਿ ਇਹ ਪੁਸਤਕ ਇਤਿਹਾਸਕ ਦਸਤਾਵੇਜ ਹੈ।ਉਹਨਾਂ ਕਿਹਾ ਕਿ ਸਾਡਾ ਬਹੁਤਾ ਇਤਿਹਾਸ ਵਿਦੇਸ਼ੀਆਂ ਨੇ ਲਿਖਿਆ ਹੈ, ਅਸੀਂ ਇਸ ਮਾਮਲੇ ਵਿਚ ਪਛੜੇ ਹੋਏ ਹਾਂ। ਬਰਜਿੰਦਰ ਸਿੰਘ ਨੇ ਪੁਸਤਕ ਲਿਖਣ ਦੇ ਸਬੱਬ ਬਾਰੇ ਸਪਸ਼ਟ ਕਰਦਿਆਂ ਇਸ ਕਾਰਜ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਲੇਖਕ ਜਸਪਾਲ ਮਾਨਖੇੜਾ ਨੇ ਕਿਹਾ ਕਿ ਸਾਡਾ ਇਤਿਹਾਸ ਬਹੁਤਾ ਕਰਕੇ ਲਿਖਿਆ ਨਹੀਂ ਲਿਖਵਾਇਆ ਗਿਆ ਹੈ, ਇਸੇ ਕਰਕੇ ਖੋਟ ਨਜ਼ਰ ਆਉਂਦਾ ਹੈ। ਉਹਨਾਂ ਕਿਹਾ ਕਿ ਖੱਬੀ ਲਹਿਰ ਨੇ ਵਿਦਿਆਰਥੀ, ਕਿਸਾਨੀ, ਸਾਹਿਤ ਆਦਿ ਹਰ ਖੇਤਰ ਵਿਚ ਚੰਗਾ ਪਰਭਾਵ ਪਾਇਆ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੱਸਿਆਵਾਂ ਬਹੁਤ ਗੁੰਝਲਦਾਰ ਹਨ, ਜਿਹਨਾਂ ਬਾਰੇ ਨਿੱਠ ਕੇ ਲਿਖਣ ਦੀ ਲੋੜ ਹੈ। ਸ਼੍ਰੀ ਬਲਵਿੰਦਰ ਸਿੰਘ ਭੁੱਲਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਲੇਖਕ ਨੇ ਪੁਸਤਕ ਵਿਚ ਨਕਸਲਬਾੜੀ ਦੇ ਪਰਭਾਵ ਹੇਠ ਕੰਮ ਕਰਨ ਵਾਲੀ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਆਪਣੇ ਜੀਵਨ ਬਾਰੇ ਪੂਰਾ ਸੱਚ ਲਿਖਣ ਦੀ ਜੁਰਅਤ ਕਰਕੇ ਲਿਖਣ ਦਾ ਧਰਮ ਬਾਖੂਬੀ ਨਿਭਾਇਆ ਹੈ, ਜੋ ਪਸੰਸਾਯੋਗ ਉੱਦਮ ਹੈ।
ਸ੍ਰੀ ਤਰਸੇਮ ਨਰੂਲਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਇਹ ਪੁਸਤਕ ਜੁਝਾਰੂ ਅਤੇ ਸਫ਼ਲ ਜੀਵਨ ਦਾ ਕਿੱਸਾ ਹੈ ਤੇ ਪੂਰਾ ਸੱਚ ਹੈ। ਉਹਨਾਂ ਕਿਹਾ ਕਿ ਕਥਨੀ ਤੇ ਕਰਨੀ ਚ ਇਕਮਿਕ ਹੋਇਆ ਇਨਸਾਨ ਹੀ ਅਜਿਹੀ ਰਚਨਾ ਕਰ ਸਕਦਾ ਹੈ। ਸ਼ਬਦਾਂ ਨੂੰ ਕਲਮਬੱਧ ਕਰਕੇ ਸਦੀਵੀ ਦਸਤਾਵੇਜ ਬਣਾਇਆ ਜਾ ਸਕਦਾ ਹੈ, ਜੋ ਬਰਜਿੰਦਰ ਨੇ ਕਰ ਵਿਖਾਇਆ ਹੈ। ਸੁਰਿੰਦਰਪ੍ਰੀਤ ਘਣੀਆ ਨੇ ਕਿਹਾ ਕਿ ਪੁਸਤਕ ਯਾਦਾਂ ਭਰਪੂਰ ਹੈ। ਉਹਨਾਂ ਕਿਹਾ ਕਿ ਲੋਕ ਲਹਿਰਾਂ ਚ ਕੰਮ ਕਰਨ ਵਾਲਿਆਂ ਵਲੋ ਬੁਰਜੂਆ ਪਾਰਟੀਆਂ ਵਿਚ ਸ਼ਾਮਲ ਹੋ ਜਾਣਾ ਵੀ ਵੱਡਾ ਸੁਆਲ ਹੈ, ਜਿਸ ਤੇ ਚਰਚਾ ਹੋਣੀ ਚਾਹੀਦੀ ਹੈ। ਸ੍ਰੀ ਕਰਤਾਰ ਸਿੰਘ ਬਰਾੜ ਅਤੇ ਡਾ ਅਜੀਤਪਾਲ ਸਿੰਘ ਨੇ ਯਾਦਾਂ ਸਾਂਝੀਆਂ ਕੀਤੀਆਂ। ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਪਰਮਿੰਦਰ ਕੌਰ ਨੇ ਕਿਹਾ ਕਿ ਇਹ ਪੁਸਤਕ ਉਹਨਾਂ ਨੂੰ ਸੇਧ ਦੇਵੇਗੀ। ਪ੍ਰਧਾਨਗੀ ਭਾਸ਼ਣ ਕਰਦਿਆਂ ਪ੍ਰਿ ਬੱਗਾ ਸਿੰਘ ਨੇ ਕਿਹਾ ਕਿ ਪੁਸਤਕ ਮੁੱਲਵਾਨ ਹੈ ਅਤੇ ਅਗਲੀਆਂ ਪੀੜ੍ਹੀਆਂ ਨੂੰ ਸੇਧ ਦੇਣ ਵਾਲੀ ਹੈ, ਪਰ ਅਜੇ ਅਧੂਰੀ ਜਾਪਦੀ ਹੈ ਲੇਖਕ ਨੂੰ ਹੋਰ ਜਾਣਕਾਰੀ ਇਕੱਤਰ ਕਰਕੇ ਇਸਨੂੰ ਮੁਕੰਮਲ ਕਰਨ ਦੀ ਲੋੜ ਹੈ।ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਪੁਰਾਣੇ ਆਗੂ ਤੇ ਵਰਕਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।