ਫਿਰੋਜ਼ਪੁਰ 'ਚ ਆਰਮੀ ਇੰਟੈਲੀਜੈਂਸ ਅਤੇ ਪੁਲਿਸ ਦਾ ਵੱਡਾ ਐਕਸ਼ਨ: ਪਤੀ-ਪਤਨੀ ਗ੍ਰਿਫ਼ਤਾਰ
Babushahi Network
ਫਿਰੋਜ਼ਪੁਰ, 23 ਅਕਤੂਬਰ, 2026: ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਬਿਲਕੁਲ ਨਾਲ ਲੱਗਦੇ ਫਿਰੋਜ਼ਪੁਰ ਦੇ ਆਖਰੀ ਪਿੰਡ ਕਾਲੂ ਵਾਲਾ ਤੋਂ ਆਰਮੀ ਇੰਟੈਲੀਜੈਂਸ (ਫੌਜ ਦੀ ਖੁਫੀਆ ਏਜੰਸੀ) ਅਤੇ ਫਿਰੋਜ਼ਪੁਰ ਪੁਲਿਸ ਨੇ ਇੱਕ ਸਾਂਝੇ ਕਾਊਂਟਰ ਇੰਟੈਲੀਜੈਂਸ ਆਪ੍ਰੇਸ਼ਨ ਦੌਰਾਨ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਟੀਮ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਜੁੜੇ ਜਾਸੂਸੀ ਨੈੱਟਵਰਕ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਇੱਕ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਦਰਜ ਕੀਤੀ ਗਈ ਐਫ.ਆਈ.ਆਰ. ਮੁਤਾਬਕ ਮੁਲਜ਼ਮਾਂ ਵੱਲੋਂ ਭਾਰਤੀ ਫੌਜ ਦੀਆਂ ਸੰਵੇਦਨਸ਼ੀਲ ਗਤੀਵਿਧੀਆਂ, ਫੌਜੀ ਛਾਉਣੀ ਖੇਤਰਾਂ, ਹਥਿਆਰਾਂ ਤੇ ਗੋਲਾ-ਬਾਰੂਦ ਦੇ ਡਿਪੂਆਂ ਅਤੇ ਸੁਰੱਖਿਆ ਪ੍ਰਬੰਧਾਂ ਦੇ ਨਕਸ਼ੇ ਇਕੱਠੇ ਕਰਕੇ ਪਾਕਿਸਤਾਨ ਅਤੇ ਮਲੇਸ਼ੀਆ ਵਿੱਚ ਬੈਠੇ ISI ਹੈਂਡਲਰਾਂ ਨੂੰ ਭੇਜੇ ਜਾ ਰਹੇ ਸਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਹਿਲਾ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ (ਇੰਸਟਾਗ੍ਰਾਮ ਅਤੇ ਸਨੈਪਚੈਟ) 'ਤੇ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸ ਕੇ ਫੌਜੀ ਜਵਾਨਾਂ ਨੂੰ ‘ਹਨੀ-ਟ੍ਰੈਪ’ ਵਿੱਚ ਫਸਾਉਣ ਅਤੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਮੁਲਜ਼ਮਾਂ ਕੋਲੋਂ ਕਈ ਮੋਬਾਈਲ ਫ਼ੋਨ ਅਤੇ ਸੰਵੇਦਨਸ਼ੀਲ ਸਮੱਗਰੀ ਜ਼ਬਤ ਕੀਤੀ ਗਈ ਹੈ। ਪੁਲਿਸ ਨੇ ਦੋਵਾਂ ਵਿਰੁੱਧ ਆਫ਼ੀਸ਼ੀਅਲ ਸੀਕਰੇਟਸ ਐਕਟ, 1923 (Official Secrets Act, 1923) ਦੀਆਂ ਧਾਰਾਵਾਂ 3 ਅਤੇ 4 ਤਹਿਤ ਮਾਮਲਾ ਦਰਜ ਕਰ ਲਿਆ ਹੈ। ਫੌਜ ਅਤੇ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਜ਼ਬਤ ਡੇਟਾ ਦੀ ਜਾਂਚ ਕਰ ਰਹੀਆਂ ਹਨ ਤਾਂ ਜੋ ਇਸ ਨੈੱਟਵਰਕ ਨਾਲ ਜੁੜੇ ਹੋਰ ਸਾਥੀਆਂ ਅਤੇ ਲੀਕ ਹੋਈ ਜਾਣਕਾਰੀ ਦੀ ਹੱਦ ਦਾ ਪਤਾ ਲਗਾਇਆ ਜਾ ਸਕੇ।
- Download Babushahi App
-
-