ਪੰਜਾਬ ਤੋਂ ਉੱਠੀ ਆਵਾਜ਼; Elon Musk 'ਗੋ-ਬੈਕ'
ਸਵਦੇਸ਼ੀ ਜਾਗਰਣ ਮੰਚ ਵੱਲੋਂ ਦੁਨੀਆ ਦੇ ਸਭ ਤੋਂ ਅਮੀਰ ਐਲਨ ਮਸਕ ਦੀ ਸਟਾਰਲਿੰਕ ਕੰਪਨੀ ਨੂੰ ਕਿਹਾ ਗਿਆ "ਗੋ ਬੈਕ"
ਬਾਪੂ ਦੇ ਚਰਖੇ ਤੋਂ ਲੈ ਕੇ ਚੰਦਰਯਾਨ ਦੀ ਕਹਾਣੀ ਸਵਦੇਸ਼ੀ ਦੀ ਤਾਕਤ : ਕਸ਼ਮੀਰੀ ਲਾਲ
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਪੂਜਨ ਅਤੇ ਮੰਤਰੋਚਾਰਣ ਨਾਲ ਹੋਇਆ ਸਵਦੇਸ਼ੀ ਦੀਵਾਲੀ ਮੇਲੇ ਦਾ ਸ਼ੁਭਾਰੰਭ
Babushahi Network
ਅੰਮ੍ਰਿਤਸਰ, 28 ਅਕਤੂਬਰ 2026- ਅੰਮ੍ਰਿਤਸਰ ਦੀ ਧਰਤੀ 'ਤੇ ਪਹਿਲੀ ਵਾਰ ਹੋਣ ਜਾ ਰਹੇ 'ਸਵਦੇਸ਼ੀ ਦੀਵਾਲੀ ਮੇਲਾ' ਦਾ ਸ਼ੁਭਾਰੰਭ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਪੂਜਨ ਅਤੇ ਮੰਤਰੋਚਾਰਣ ਨਾਲ ਹੋਇਆ। ਇਸ ਮੇਲੇ ਦੇ ਉਦਘਾਟਨ ਸਮਾਰੋਹ ਵਿੱਚ ਰਾਜ ਸਭਾ ਮੈਂਬਰ ਸ੍ਰੀ ਤਰੁਣ ਚੁੱਘ, ਸਵਦੇਸ਼ੀ ਜਾਗਰਣ ਮੰਚ ਦੇ ਅਖਿਲ ਭਾਰਤੀ ਸੰਗਠਕ ਸ੍ਰੀ ਕਸ਼ਮੀਰੀ ਲਾਲ, ਖੇਤਰੀ ਸੰਗਠਕ ਸ੍ਰੀ ਵਿਨੈ ਜੀ, ਰਾਸ਼ਟਰੀ ਟ੍ਰੇਡਰ ਵੈਲਫੇਅਰ ਬੋਰਡ ਦੇ ਚੇਅਰਮੈਨ ਸ੍ਰੀ ਸੁਨੀਲ ਸਿੰਘ ਸਿੰਘੀ, ਸਵਦੇਸ਼ੀ ਜਾਗਰਣ ਮੰਚ ਪੰਜਾਬ ਦੀ ਸੰਯੋਜਿਕਾ ਡਾ. ਨੇਹਾ ਤੇਜਪਾਲ, ਮੇਲਾ ਸਰਪ੍ਰਸਤ ਸ੍ਰੀ ਰਾਜੀਵ ਅਨੇਜਾ, ਮੇਲਾ ਪ੍ਰਮੁੱਖ ਰਾਜਿੰਦਰ ਮਰਵਾਹਾ ਵੱਲੋਂ ਕੀਤਾ ਗਿਆ। ਦੱਸਦੇ ਚੱਲੀਏ ਕਿ ਇਹ ਮੇਲਾ 7 ਨਵੰਬਰ ਤੱਕ ਚੱਲੇਗਾ।
ਸਵਦੇਸ਼ੀ ਜਾਗਰਣ ਮੰਚ ਦੇ ਅਖਿਲ ਭਾਰਤੀ ਸੰਗਠਨ ਦੇ ਸ੍ਰੀ ਕਸ਼ਮੀਰੀ ਲਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਐਲਨ ਮਸਕ ਦੀ ਸਟਾਰਲਿੰਕ ਕੰਪਨੀ ਨੂੰ ਨਹੀਂ ਆਉਣਾ ਚਾਹੀਦਾ। ਉਨ੍ਹਾਂ ਨੇ ਸਵਦੇਸ਼ੀ ਜਾਗਰਣ ਮੰਚ ਵੱਲੋਂ ਐਲਨ ਮਸਕ ਦੀ ਕੰਪਨੀ ਸਟਾਰਲਿੰਕ ਨੂੰ 'ਗੋ ਬੈਕ' ਕਿਹਾ ਅਤੇ ਨੌਜਵਾਨਾਂ ਦੀ ਸ਼ਕਤੀ ਬਾਰੇ ਦੱਸਦਿਆਂ ਕਿਹਾ ਕਿ ਬਾਪੂ ਗਾਂਧੀ ਦੇ ਚਰਖੇ ਤੋਂ ਲੈ ਕੇ ਚੰਦਰਯਾਨ ਦੀ ਕਹਾਣੀ ਸਵਦੇਸ਼ੀ ਦੀ ਹੀ ਤਾਕਤ ਹੈ। ਉਨ੍ਹਾਂ ਕਿਹਾ ਕਿ ਜਿਹੜਾ 5G ਅਮਰੀਕਾ ਨੇ 18 ਸਾਲਾਂ ਵਿੱਚ ਬਣਾਇਆ, ਚੀਨ ਨੇ 16 ਸਾਲਾਂ ਵਿੱਚ ਬਣਾਇਆ, ਉਸ 5G ਨੂੰ ਭਾਰਤ ਦੀ ਆਈ.ਆਈ.ਟੀ. ਮਦਰਾਸ ਦੀ ਯੁਵਾ ਸ਼ਕਤੀ ਵੱਲੋਂ ਢਾਈ ਸਾਲਾਂ ਵਿੱਚ ਬਣਾ ਲਿਆ ਗਿਆ।
ਸਵਦੇਸ਼ੀ ਜਾਗਰਣ ਮੰਚ ਦੇ ਰਾਸ਼ਟਰੀ ਸੰਗਠਕ ਕਸ਼ਮੀਰੀ ਲਾਲ ਜੀ ਨੇ ਕਿਹਾ ਕਿ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਵੰਗਾਰ ਰਿਹਾ ਹੈ ਕਿ ਉਸ ਦੀ ਕੰਪਨੀ ਨੂੰ ਦੇਸ਼ ਵਿੱਚ ਕੰਮ ਕਰਨ ਲਈ ਮਨਜ਼ੂਰੀ ਨਹੀਂ ਦੇਣੀ ਚਾਹੀਦੀ। ਉਸ ਦਾ ਇਲਾਜ ਵੀ ਸਵਦੇਸ਼ੀ ਜਾਗਰਣ ਮੰਚ ਕਰੇਗਾ। ਮੰਚ ਵੱਲੋਂ ਦੇਸ਼ ਭਰ ਵਿੱਚ ਉਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਗਏ।
ਸਵਦੇਸ਼ੀ ਜਾਗਰਣ ਮੰਚ ਨੇ ਕਿਹਾ ਹੈ ਕਿ ਸੈਟੇਲਾਈਟ ਤੋਂ ਬਿਨਾਂ ਰਹਿ ਲਵਾਂਗੇ, ਤਕਨਾਲੋਜੀ ਤੋਂ ਬਿਨਾਂ ਰਹਿ ਲਵਾਂਗੇ ਪਰ ਐਲਨ ਮਸਕ ਦੀ ਸਟਾਰਲਿੰਕ ਕੰਪਨੀ ਭਾਰਤ ਵਿੱਚ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਅੰਸ਼ਕ (ਪਾਰਟ) ਸਵਦੇਸ਼ੀ ਹੋਣ ਦੀ ਗੱਲ ਕਰਦੇ ਸੀ ਪਰ ਹੁਣ ਨੌਜਵਾਨ ਕਹਿੰਦਾ ਹੈ ਕਿ ਰੋਬੋਟ ਵੀ ਸਵਦੇਸ਼ੀ ਹੋਵੇ। ਪਹਿਲਾਂ ਅਸੀਂ ਕਹਿੰਦੇ ਸੀ ਟਿਊਬ ਲਾਈਟ ਸਵਦੇਸ਼ੀ ਹੋਵੇ, ਪਰ ਅੱਜ ਦਾ ਨੌਜਵਾਨ ਕਹਿੰਦਾ ਹੈ ਕਿ ਸੈਟੇਲਾਈਟ ਵੀ ਸਵਦੇਸ਼ੀ ਹੋਵੇ।
ਅੱਜ ਦਾ ਨੌਜਵਾਨ ਕਹਿੰਦਾ ਹੈ ਕਿ ਦਵਾਈ ਅਤੇ ਮਿਠਾਈ ਸਵਦੇਸ਼ੀ ਹੋਣੀ ਚਾਹੀਦੀ ਹੈ ਪਰ ਏ.ਆਈ. (A.I.) ਵੀ ਸਵਦੇਸ਼ੀ ਹੋਣੀ ਚਾਹੀਦੀ ਹੈ। ਬਾਪੂ ਦਾ ਚਰਖਾ ਸਵਦੇਸ਼ੀ ਦਾ ਪ੍ਰਤੀਕ ਹੈ ਪਰ ਚੰਦਰਯਾਨ ਵੀ ਸਵਦੇਸ਼ੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਬੰਧਕਾਂ ਨੂੰ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਇੱਥੇ ਮਿਹਨਤ ਹੋਈ ਹੈ, ਇਹ ਮੇਲਾ ਸਿਰਫ਼ ਮੇਲੇ ਤੱਕ ਹੀ ਸੀਮਤ ਨਾ ਰਹਿ ਜਾਵੇ, ਸਵਦੇਸ਼ੀ ਹਰ ਘਰ ਵਿੱਚ ਪਹੁੰਚਣੀ ਚਾਹੀਦੀ ਹੈ, ਤਦ ਹੀ ਇਸ ਮੇਲੇ ਦੀ ਸਾਰਥਕਤਾ ਹੋਵੇਗੀ।
ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਸ੍ਰੀ ਤਰੁਣ ਚੁੱਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਵਦੇਸ਼ੀ ਦੀਵਾਲੀ ਮੇਲੇ ਵਿੱਚ ਸਾਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਭਾਗ ਲੈਣਾ ਚਾਹੀਦਾ ਹੈ, ਜਿਸ ਨਾਲ ਦੇਸ਼ ਵਿੱਚ ਬਣੀਆਂ ਹੋਈਆਂ ਵਸਤੂਆਂ ਦਾ ਉਤਪਾਦਨ, ਵਿਕਰੀ ਅਤੇ ਗਲੋਬਲ (ਵਿਸ਼ਵ) ਪੱਧਰ 'ਤੇ ਦੇਸ਼ ਤਰੱਕੀ ਕਰੇਗਾ। ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਨੂੰ ਉਤਸ਼ਾਹਿਤ ਕਰਨਾ ਸਾਰੇ ਦੇਸ਼ ਵਾਸੀਆਂ ਦਾ ਫ਼ਰਜ਼ ਹੈ ਅਤੇ ਦੀਵਾਲੀ ਵਰਗੇ ਤਿਉਹਾਰਾਂ 'ਤੇ ਸਵਦੇਸ਼ੀ ਵਸਤੂਆਂ ਖਰੀਦ ਕੇ ਸਾਨੂੰ ਆਪਣੇ ਦੇਸ਼ ਦੇ ਕਾਰੀਗਰਾਂ ਅਤੇ ਵਪਾਰੀਆਂ ਦਾ ਮਨੋਬਲ ਉੱਚਾ ਕਰਨਾ ਚਾਹੀਦਾ ਹੈ।
ਇਸ ਤੋਂ ਬਾਅਦ ਪ੍ਰਸਿੱਧ ਭਜਨ ਗਾਇਕ ਕਨ੍ਹਈਆ ਮਿੱਤਲ ਵੱਲੋਂ ਆਪਣੇ ਭਜਨਾਂ ਰਾਹੀਂ ਲੋਕਾਂ ਨੂੰ ਮੰਤਰਮੁਗਧ ਕਰ ਦਿੱਤਾ ਗਿਆ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਵੱਲੋਂ ਸੰਬੋਧਨ ਕੀਤਾ ਗਿਆ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਰਾਮ ਗੋਪਾਲ, ਸੀ.ਏ. ਭਾਵੇਸ਼ ਮਹਾਜਨ, ਸੀ.ਏ. ਅਮਿਤ ਹਾਂਡਾ, ਬਖਸ਼ੀ ਰਾਮ ਅਰੋੜਾ, ਕੌਂਸਲਰ ਸ਼੍ਰੂਤੀ ਵਿਜ, ਪਰਮਜੀਤ ਬੱਤਰਾ, ਕੌਂਸਲਰ ਕ੍ਰਿਤੀ ਅਰੋੜਾ, ਕੌਂਸਲਰ ਅਮਨ ਐਰੀ, ਕੁਮਾਰ ਅਮਿਤ, ਸੁਖਮਿੰਦਰ ਸਿੰਘ ਪਿੰਟੂ ਆਦਿ ਹਾਜ਼ਰ ਸਨ।
- Download Babushahi App
-
-