ਪੰਜਾਬ ਕੇਂਦਰੀ ਯੂਨੀਵਰਸਿਟੀ ਵਿਦਿਆਰਥੀਆਂ ਨੇ ਡਿਜੀਟਲ ਮੀਡੀਆ ਸਮੱਗਰੀ ਸਬੰਧੀ ਗੁਰ ਸਿੱਖੇ
ਅਸ਼ੋਕ ਵਰਮਾ
ਬਠਿੰਡਾ, 28 ਅਕਤੂਬਰ, 2026: ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਜਨਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਵੱਲੋਂ ਪਬਲਿਕ ਮੀਡੀਆ ਟੈਕ ਫਾਊਂਡੇਸ਼ਨ, ਨਵੀਂ ਦਿੱਲੀ ਦੇ ਸਹਿਯੋਗ ਨਾਲ ‘ਡਿਜੀਟਲ ਮੀਡੀਆ ਸਮੱਗਰੀ ਦਾ ਨਿਰਮਾਣ, ਵੰਡ ਅਤੇ ਤੱਥ-ਜਾਂਚ’ ਵਿਸ਼ੇ ’ਤੇ ਕਰਵਾਈ ਗਈ ਦੋ ਰੋਜ਼ਾ ਮਾਹਿਰ ਲੈਕਚਰ-ਕਮ-ਵਰਕਸ਼ਾਪ ਬੁੱਧਵਾਰ ਨੂੰ ਸਫਲਤਾਪੂਰਵਕ ਸੰਪੰਨ ਹੋਈ। 27 ਅਤੇ 28 ਅਕਤੂਬਰ, 2026 ਨੂੰ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਕ੍ਰਿਸ਼ਨਾ ਵੁਸੀਰਿਕਾ ਦੀ ਸਰਪ੍ਰਸਤੀ ਹੇਠ ਆਯੋਜਿਤ ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਡਿਜੀਟਲ ਮੀਡੀਆ ਸਮੱਗਰੀ ਦੇ ਨਿਰਮਾਣ, ਵੰਡ ਅਤੇ ਤਸਦੀਕ ਨਾਲ ਸਬੰਧਤ ਵਿਹਾਰਕ ਹੁਨਰ ਪ੍ਰਦਾਨ ਕਰਨਾ ਅਤੇ ਜ਼ਿੰਮੇਵਾਰ ਡਿਜੀਟਲ ਪੱਤਰਕਾਰੀ ਪ੍ਰਤੀ ਜਾਗਰੂਕ ਕਰਨਾ ਸੀ। ਇਸ ਵਰਕਸ਼ਾਪ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਅਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬਠਿੰਡਾ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਵਰਕਸ਼ਾਪ ਵਿੱਚ ਹਰਿਆਣਾ ਰਾਜ ਉੱਚ ਸਿੱਖਿਆ ਪਰਿਸ਼ਦ ਦੇ ਸਾਬਕਾ ਚੇਅਰਮੈਨ ਅਤੇ ਮਾਖਨਲਾਲ ਚਤੁਰਵੇਦੀ ਰਾਸ਼ਟਰੀ ਪੱਤਰਕਾਰੀ ਅਤੇ ਸੰਚਾਰ ਯੂਨੀਵਰਸਿਟੀ, ਭੋਪਾਲ ਦੇ ਸਾਬਕਾ ਵਾਈਸ ਚਾਂਸਲਰ ਅਤੇ ਪ੍ਰਸਿੱਧ ਮੀਡੀਆ ਸਿੱਖਿਆ ਸ਼ਾਸਤਰੀ ਪ੍ਰੋ. ਬੀ. ਕੇ. ਕੁਠਿਆਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਡਿਜੀਟਲ ਮੀਡੀਆ ਸਮੱਗਰੀ ਦੇ ਨਿਰਮਾਣ, ਵੰਡ ਅਤੇ ਸਾਂਝਾ ਕਰਨ ਵਿੱਚ ਸੱਚਾਈ, ਨੈਤਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਸੁਨੇਹੇ ਸਾਂਝੇ ਕਰਨ ਨਾਲ ਗਲਤ ਜਾਣਕਾਰੀ ਫੈਲ ਸਕਦੀ ਹੈ ਅਤੇ ਸਮਾਜਿਕ ਸਦਭਾਵਨਾ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਨੌਜਵਾਨ ਮੀਡੀਆ ਪੇਸ਼ੇਵਰਾਂ ਨੂੰ ਸੱਚਾਈ ਦੀ ਜਾਂਚ ਕਰਨ, ਤੱਥਾਂ ਨੂੰ ਸਹੀ ਢੰਗ ਨਾਲ ਪੇਸ਼ ਕਰਨ ਅਤੇ ਜਾਅਲੀ ਖ਼ਬਰਾਂ ਦੀ ਪਛਾਣ ਕਰਨ ’ਤੇ ਵਿਸ਼ੇਸ਼ ਧਿਆਨ ਦੇਣ ਦੀ ਸਲਾਹ ਦਿੱਤੀ।
ਪੰਜਾਬੀ ਲੋਕ-ਗੀਤਾਂ ਅਤੇ ਸ਼ਿਕਾਗੋ ਵਿੱਚ ਸਵਾਮੀ ਵਿਵੇਕਾਨੰਦ ਦੇ ਇਤਿਹਾਸਕ ਭਾਸ਼ਣ ਦਾ ਹਵਾਲਾ ਦਿੰਦਿਆਂ ਪ੍ਰੋ. ਕੁਠਿਆਲਾ ਨੇ ਸੱਚਾਈ, ਆਪਸੀ ਸਤਿਕਾਰ ਅਤੇ ਵਿਭਿੰਨਤਾਵਾਂ ਨੂੰ ਸਵੀਕਾਰ ਕਰਨ ਦੇ ਮੁੱਲਾਂ ਨੂੰ ਉਜਾਗਰ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਡਿਜੀਟਲ ਸਮੱਗਰੀ ਤਿਆਰ ਕਰਨ ਅਤੇ ਸਾਂਝੀ ਕਰਨ ਸਮੇਂ ਇਸ ਦੇ ਸਮਾਜਿਕ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਡਿਜੀਟਲ ਮੀਡੀਆ ਦੇ ਖੇਤਰ ਵਿੱਚ ਸਿਖਲਾਈ ਪ੍ਰਾਪਤ ਸਮੱਗਰੀ ਸਿਰਜਣਹਾਰ ਤਿਆਰ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਪਬਲਿਕ ਮੀਡੀਆ ਟੈਕ ਫਾਊਂਡੇਸ਼ਨ ਵੱਲੋਂ ਨੌਜਵਾਨ ਪੱਤਰਕਾਰਾਂ ਨੂੰ ਸਿਖਲਾਈ ਦੇਣ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਪੰਜਾਬੀ ਭਾਸ਼ਾ ਵਿੱਚ ਅਤੇ ਪੰਜਾਬ ਨਾਲ ਸਬੰਧਤ ਵਿਸ਼ਿਆਂ ’ਤੇ ਵਧੇਰੇ ਅਰਥਪੂਰਨ ਡਿਜੀਟਲ ਸਮੱਗਰੀ ਤਿਆਰ ਕਰਨ ਦੀ ਲੋੜ ਜ਼ੋਰ ਦਿੱਤਾ, ਤਾਂ ਜੋ ਡਿਜੀਟਲ ਮੀਡੀਆ ਵਿੱਚ ਖੇਤਰੀ ਭਾਸ਼ਾਵਾਂ ਅਤੇ ਸਥਾਨਕ ਦ੍ਰਿਸ਼ਟੀਕੋਣਾਂ ਨੂੰ ਢੁੱਕਵੀਂ ਨੁਮਾਇੰਦਗੀ ਮਿਲ ਸਕੇ।
ਸਨਮਾਨਿਤ ਬੁਲਾਰੇ ਵਜੋਂ ਪ੍ਰਸਿੱਧ ਪੱਤਰਕਾਰ ਅਤੇ ਡਾਕੂਮੈਂਟਰੀ ਫ਼ਿਲਮ ਨਿਰਮਾਤਾ ਸ੍ਰੀ ਰਵਿੰਦਰ ਸਿੰਘ ਰੌਬਿਨ ਨੇ ਡਿਜੀਟਲ ਪੱਤਰਕਾਰੀ ਵਿੱਚ ਪ੍ਰਭਾਵਸ਼ਾਲੀ ਕਹਾਣੀ ਪੇਸ਼ਕਾਰੀ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕਿਸੇ ਲੇਖ ਦੀ ਸ਼ੁਰੂਆਤੀ ਸਤਰ ਅਤੇ ਵੀਡੀਓ ਦੇ ਪਹਿਲੇ ਪੰਜ ਤੋਂ ਦਸ ਸਕਿੰਟ ਦਰਸ਼ਕਾਂ ਦਾ ਧਿਆਨ ਖਿੱਚਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਆਪਣੀਆਂ ਵੀਡੀਓ ਰਚਨਾਵਾਂ ਦੀਆਂ ਉਦਾਹਰਣਾਂ ਪੇਸ਼ ਕਰਦਿਆਂ ਉਨ੍ਹਾਂ ਸਮੱਗਰੀ ਦੇ ਵਿਕਾਸ, ਸਬੰਧਤ ਵਿਅਕਤੀਆਂ ਦੀ ਇੰਟਰਵਿਊ ਲੈਣ ਅਤੇ ਖ਼ਬਰਾਂ ਤਿਆਰ ਕਰਨ ਲਈ ਲੋੜੀਂਦੀ ਜਾਣਕਾਰੀ ਇਕੱਠੀ ਕਰਨ ਦੇ ਵਿਹਾਰਕ ਪਹਿਲੂਆਂ ਬਾਰੇ ਚਰਚਾ ਕੀਤੀ। ਵਰਕਸ਼ਾਪ ਦੌਰਾਨ ਜਨਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੇ ਅਧਿਆਪਕਾਂ ਅਤੇ ਮਾਹਿਰਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਡਿਜੀਟਲ ਮੀਡੀਆ ਸਮੱਗਰੀ ਦੇ ਨਿਰਮਾਣ ਅਤੇ ਤੱਥ-ਜਾਂਚ ਸਬੰਧੀ ਵਿਹਾਰਕ ਸਿਖਲਾਈ ਵੀ ਦਿੱਤੀ ਗਈ।
ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਜਨਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੇ ਮੁਖੀ, ਐਸੋਸੀਏਟ ਪ੍ਰੋਫੈਸਰ ਅਤੇ ਕਮਿਊਨਿਟੀ ਰੇਡੀਓ ਸਟੇਸ਼ਨ ਦੇ ਡਾਇਰੈਕਟਰ ਡਾ. ਰੁਬਲ ਕਨੋਜੀਆ ਨੇ ਮਾਹਿਰਾਂ ਦੇ ਕੀਮਤੀ ਮਾਰਗਦਰਸ਼ਨ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਨੇ ਵਿਦਿਆਰਥੀਆਂ ਦੇ ਡਿਜੀਟਲ ਪੱਤਰਕਾਰੀ ਨਾਲ ਸਬੰਧਤ ਵਿਹਾਰਕ ਹੁਨਰਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਆਨਲਾਈਨ ਸਮੱਗਰੀ ਦੇ ਨਿਰਮਾਣ ਵਿੱਚ ਸਹੀ ਜਾਣਕਾਰੀ, ਭਰੋਸੇਯੋਗਤਾ ਅਤੇ ਨੈਤਿਕਤਾ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ।
ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਕ੍ਰਿਸ਼ਨਾ ਵੁਸੀਰਿਕਾ ਅਤੇ ਸੂਚਨਾ ਅਤੇ ਸੰਚਾਰ ਅਧਿਐਨ ਸਕੂਲ ਦੇ ਡੀਨ ਪ੍ਰੋ. ਭਵ ਨਾਥ ਪਾਂਡੇ ਨੇ ਵਰਕਸ਼ਾਪ ਦੇ ਸਫਲ ਆਯੋਜਨ ਲਈ ਜਨਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਨੂੰ ਵਧਾਈ ਦਿੱਤੀ। ਇਸ ਮੌਕੇ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਕਿੰਸ਼ੁਕ ਪਾਠਕ ਤੋਂ ਇਲਾਵਾ ਡਾ. ਛਵੀ ਗਰਗ,ਡਾ. ਮਹੇਸ਼ ਮੀਨਾ, ਅਤੇ ਡਾ. ਮੁਹੰਮਦ ਅਲੀਮ ਖ਼ਾਨ ਵੀ ਮੌਜੂਦ ਸਨ।
- Download Babushahi App
-
-