ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ 80ਵਾਂ ਆਜ਼ਾਦੀ ਦਿਹਾੜਾ
ਅਸ਼ੋਕ ਵਰਮਾ
ਬਠਿੰਡਾ, 15 ਅਗਸਤ 2026: ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਵਿਖੇ 80ਵਾਂ ਆਜ਼ਾਦੀ ਦਿਹਾੜਾ ਦੇਸ਼ਭਗਤੀ ਅਤੇ ਉਤਸ਼ਾਹ ਦੇ ਮਾਹੌਲ ਵਿੱਚ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਗੀਤ ਦੇ ਗਾਇਨ ਨਾਲ ਹੋਈ। ਮਾਨਯੋਗ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸਿਰਿਕਾ ਨੇ ਰਾਸ਼ਟਰੀ ਝੰਡਾ ਅਤੇ ਯੂਨੀਵਰਸਿਟੀ ਝੰਡਾ ਲਹਿਰਾਇਆ, ਜਿਸ ਤੋਂ ਬਾਅਦ ਰਾਸ਼ਟਰੀ ਗਾਨ ਅਤੇ ਯੂਨੀਵਰਸਿਟੀ ਗਾਨ ਦਾ ਗਾਇਨ ਕੀਤਾ ਗਿਆ। ਉਨ੍ਹਾਂ ਨੇ ਯੂਨੀਵਰਸਿਟੀ ਦੇ ਐਨਐਸਐਸ ਵਿਦਿਆਰਥੀਆਂ ਅਤੇ ਸੁਰੱਖਿਆ ਕਰਮਚਾਰੀਆਂ ਵੱਲੋਂ ਪੇਸ਼ ਕੀਤੀ ਪਰੇਡ ਦਾ ਨਿਰੀਖਣ ਵੀ ਕੀਤਾ।
ਇਸ ਮੌਕੇ ਅਧਿਆਪਕਾਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ “ਨਸ਼ਾ ਮੁਕਤ ਨੌਜਵਾਨ ਫ਼ਾਰ ਵਿਕਸਿਤ ਭਾਰਤ” ਦੀ ਸਹੁੰ ਚੁੱਕੀ, ਜੋ ਡੀਨ ਵਿਦਿਆਰਥੀ ਭਲਾਈ ਪ੍ਰੋ. ਸੰਜੀਵ ਕੁਮਾਰ ਨੇ ਚੁਕਵਾਈ। ਯੂਨੀਵਰਸਿਟੀ ਅਧਿਕਾਰੀਆਂ ਨੇ ਸ਼ਹੀਦ ਹੈਪੀ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਪਿਤਾ ਸ੍ਰੀ ਦੇਵ ਰਾਜ ਜੀ ਅਤੇ ਭਰਾ ਸ. ਸੁਖਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸਿਰਿਕਾ ਨੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਨਮਨ ਕਰਦਿਆਂ ਸਾਹਸ, ਕੁਰਬਾਨੀ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਵਿਕਸਿਤ ਭਾਰਤ 2047 ਦੇ ਟੀਚੇ ਦਾ ਜ਼ਿਕਰ ਕਰਦਿਆਂ ਨੌਜਵਾਨਾਂ ਨੂੰ ਸਿੱਖਿਆ, ਹੁਨਰ ਵਿਕਾਸ, ਉਦਯਮਤਾ ਅਤੇ ਨਵੀਨਤਾ ਰਾਹੀਂ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ “ਮੈਂ” ਦੀ ਬਜਾਏ “ਅਸੀਂ” ਦੀ ਭਾਵਨਾ ਨਾਲ ਯੂਨੀਵਰਸਿਟੀ ਦੀ ਤਰੱਕੀ ਵਿੱਚ ਸਾਂਝਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ 2009 ਵਿੱਚ ਸਥਾਪਨਾ ਤੋਂ ਬਾਅਦ ਸੀਯੂ ਪੰਜਾਬ ਵੱਲੋਂ ਕੀਤੀ ਤਰੱਕੀ ਦੀ ਸ਼ਲਾਘਾ ਕਰਦਿਆਂ ਇਨ੍ਹਾਂ ਉਪਲਬਧੀਆਂ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ।
ਸਮਾਰੋਹ ਦੌਰਾਨ ਪ੍ਰੋ. ਰਾਜਿੰਦਰ ਕੁਮਾਰ, ਪ੍ਰੋ. ਰਮਨਪ੍ਰੀਤ ਕੌਰ ਅਤੇ ਡਾ. ਰੋਹਿਤ ਯਾਦਵ ਨੇ ਪ੍ਰੋਗਰਾਮ ਦੇ ਵਿਸ਼ੇ ਬਾਰੇ ਜਾਣੂ ਕਰਵਾਉਂਦਿਆਂ ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦੀ ਭੂਮਿਕਾ ਅਤੇ ਰਾਸ਼ਟਰ ਨਿਰਮਾਣ ਵਿੱਚ ਸਾਂਝੀ ਜ਼ਿੰਮੇਵਾਰੀ ’ਤੇ ਚਾਨਣਾ ਪਾਇਆ। ਪ੍ਰਦਰਸ਼ਨ ਅਤੇ ਲਲਿਤ ਕਲਾ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਦੇਸ਼ਭਗਤੀ ਭਰਪੂਰ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਮਾਰੋਹ ਵਿੱਚ ਜੋਸ਼ ਅਤੇ ਉਤਸ਼ਾਹ ਭਰ ਦਿੱਤਾ। ਸਮਾਰੋਹ ਦਾ ਸਮਾਪਨ ਰਜਿਸਟਰਾਰ ਡਾ. ਵਿਜੇ ਸ਼ਰਮਾ ਵੱਲੋਂ ਧੰਨਵਾਦ ਮਤਾ ਪੇਸ਼ ਕਰਨ ਅਤੇ ਰਾਸ਼ਟਰੀ ਗੀਤ ਤੇ ਰਾਸ਼ਟਰੀ ਗਾਨ ਦੇ ਗਾਇਨ ਨਾਲ ਹੋਇਆ।ਇਸ ਉਪਰੰਤ ਵਿਦਿਆਰਥੀਆਂ ਨੇ ਕੈਂਪਸ ਵਿੱਚ ਤਿਰੰਗਾ ਰੈਲੀ ਕੱਢੀ ਅਤੇ ਮਜ਼ਬੂਤ, ਆਤਮਨਿਰਭਰ ਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਦਾ ਸਾਂਝਾ ਸੰਕਲਪ ਪ੍ਰਗਟਿਆ।
- Download Babushahi App
-
-