ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਵਿਸ਼ਾਲ ਗੋਇਲ ਨੇ ਸੰਭਾਲਿਆ ਡਾਇਰੈਕਟਰ, ਈ.ਐੱਮ.ਆਰ.ਸੀ. ਵਜੋਂ ਅਹੁਦਾ
ਈ.ਐੱਮ.ਆਰ.ਸੀ. ਨੂੰ ਹੋਰ ਬਿਹਤਰ ਬਣਾਉਣ ਅਤੇ ਇਸਦੇ ਘੇਰੇ ਨੂੰ ਵਿਸ਼ਾਲ ਕੀਤੇ ਜਾਣ ਦੀ ਲੋੜ:ਡਾ. ਜਗਦੀਪ ਸਿੰਘ
ਪਟਿਆਲਾ, 29 ਅਕਤੂਬਰ
ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਵਿਸ਼ਾਲ ਗੋਇਲ ਨੇ ਡਾਇਰੈਕਟਰ, ਈ.ਐੱਮ.ਆਰ.ਸੀ. ਵਜੋਂ ਆਪਣਾ ਅਹੁਦਾ ਸੰਭਾਲ਼ ਲਿਆ ਹੈ। ਉਨ੍ਹਾਂ ਵੱਲੋਂ ਅਹੁਦਾ ਸੰਭਾਲ਼ੇ ਜਾਣ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਉਚੇਚੇ ਤੌਰ 'ਤੇ ਪੁੱਜੇ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿਤੀਆਂ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਈ.ਐੱਮ.ਆਰ.ਸੀ. ਸਿੱਖਿਆ ਅਤੇ ਮਲਟੀਮੀਡੀਆ ਸਮੱਗਰੀ ਦੇ ਨਿਰਮਾਣ ਵਿੱਚ ਨਵੀਆਂ ਬੁਲੰਦੀਆਂ ਛੂਹੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪ੍ਰੋ. ਵਿਸ਼ਾਲ ਗੋਇਲ ਦਾ ਆਧੁਨਿਕ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਦਾ ਲੰਬਾ ਤਜਰਬਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਇਸ ਸੈਂਟਰ ਨੂੰ ਹੋਰ ਬਿਹਤਰ ਬਣਾਉਣ ਅਤੇ ਇਸਦੇ ਘੇਰੇ ਨੂੰ ਵਿਸ਼ਾਲ ਕੀਤੇ ਜਾਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿਵਾਇਆ।
ਜ਼ਿਕਰਯੋਗ ਹੈ ਕਿ ਇਹ ਸੈਂਟਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਗੁਣਵੱਤਾ ਭਰਪੂਰ ਵਿਦਿਅਕ ਵੀਡੀਓ ਅਤੇ ਮਲਟੀਮੀਡੀਆ ਸਮੱਗਰੀ ਤਿਆਰ ਕਰਨ ਲਈ ਸਥਾਪਤ ਕੀਤੇ ਗਏ 20 ਕੇਂਦਰਾਂ ਵਿੱਚੋਂ ਇੱਕ ਹੈ। ਨਵੀਂ ਦਿੱਲੀ ਸਥਿਤ 'ਕਨਸੋਰਟੀਅਮ ਫ਼ਾਰ ਐਜੂਕੇਸ਼ਨਲ ਕਮਿਊਨੀਕੇਸ਼ਨ' (CEC) ਇਨ੍ਹਾਂ ਕੇਂਦਰਾਂ ਦੀਆਂ ਗਤੀਵਿਧੀਆਂ ਦਾ ਤਾਲਮੇਲ ਕਰਦਾ ਹੈ। ਇਸ ਕੇਂਦਰ ਦੀ ਸਥਾਪਨਾ ਸਾਲ 1989 ਵਿੱਚ ਯੂ.ਜੀ.ਸੀ.-ਸੀ.ਈ.ਸੀ. ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 'ਆਡੀਓ ਵਿਜ਼ੁਅਲ ਰਿਸਰਚ ਸੈਂਟਰ' ਵਜੋਂ ਕੀਤੀ ਗਈ ਸੀ, ਜਿਸ ਨੂੰ 1991 ਵਿੱਚ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਵਜੋਂ ਨਾਮਜ਼ਦ ਕੀਤਾ ਗਿਆ। ਇਹ ਕੇਂਦਰ ਸਵਯਮ ਲਈ ਮੈਸਿਵ ਓਪਨ ਆਨਲਾਈਨ ਕੋਰਸ ਤਿਆਰ ਕਰਦਾ ਹੈ।
ਵਰਣਨਯੋਗ ਹੈ ਕਿ ਪ੍ਰੋਫ਼ੈਸਰ ਗੋਇਲ ਕੋਲ ਅਧਿਆਪਨ, ਖੋਜ, ਪ੍ਰਸ਼ਾਸਨ ਅਤੇ ਆਈ.ਟੀ. ਉਦਯੋਗ ਦਾ 26 ਸਾਲਾਂ ਦਾ ਤਜਰਬਾ ਹੈ।
- Download Babushahi App
-
-