ਪਾਣੀ ਦੀ ਟੈਂਕੀ ‘ਤੇ ਚੜ੍ਹੀਆਂ ਪੀੜਤ ਲੜਕੀਆਂ ਦੇ ਹੱਕ 'ਚ ਆਈ ਬਰਨਾਲਾ ਬਾਰ ਐਸੋਸੀਏਸ਼ਨ, ਮੁਫ਼ਤ ਕੇਸ ਲੜਨ ਦਾ ਕੀਤਾ ਐਲਾਨ
Kamaljeet Singh
ਬਰਨਾਲਾ, 19 ਅਗਸਤ: ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਸ ਵੇਲੇ ਸਥਿਤੀ ਗੰਭੀਰ ਹੋ ਗਈ ਜਦੋਂ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਤਿੰਨ ਬਲਾਤਕਾਰ ਪੀੜਤ ਲੜਕੀਆਂ ਇਨਸਾਫ਼ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹ ਗਈਆਂ। ਲੜਕੀਆਂ ਦਾ ਦੋਸ਼ ਹੈ ਕਿ ਕੁਝ ਨੌਜਵਾਨਾਂ ਵੱਲੋਂ ਉਨ੍ਹਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਸਰੀਰਕ ਸ਼ੋਸ਼ਣ ਕੀਤਾ ਗਿਆ ਹੈ। ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਲਈ ਇਹ ਤਿੰਨੋਂ ਲੜਕੀਆਂ ਟੈਂਕੀ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਐੱਫ.ਆਈ.ਆਰ. (FIR) ਦਰਜ ਨਹੀਂ ਕਰਦੀ, ਉਦੋਂ ਤੱਕ ਉਹ ਹੇਠਾਂ ਨਹੀਂ ਉਤਰਨਗੀਆਂ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਬਰਨਾਲਾ ਕੋਰਟ ਕੰਪਲੈਕਸ ਦੀ ਬਾਰ ਐਸੋਸੀਏਸ਼ਨ ਦੇ ਵਕੀਲ ਪੀੜਤਾਂ ਦੀ ਮਦਦ ਲਈ ਅੱਗੇ ਆਏ। ਵਕੀਲਾਂ ਦੀ ਟੀਮ ਨੇ ਟੈਂਕੀ 'ਤੇ ਚੜ੍ਹ ਕੇ ਪੀੜਤ ਲੜਕੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਪੂਰਾ ਪੱਖ ਸੁਣਿਆ। ਬਾਰ ਐਸੋਸੀਏਸ਼ਨ ਨੇ ਪੀੜਤਾਂ ਨੂੰ ਪੂਰਨ ਇਨਸਾਫ਼ ਦਿਵਾਉਣ ਦਾ ਭਰੋਸਾ ਦਿੰਦਿਆਂ ਐਲਾਨ ਕੀਤਾ ਕਿ ਵਕੀਲ ਭਾਈਚਾਰਾ ਅਦਾਲਤ ਵਿੱਚ ਇਹ ਕੇਸ ਬਿਲਕੁਲ ਮੁਫ਼ਤ ਲੜੇਗਾ। ਵਕੀਲਾਂ ਨੇ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ 'ਤੇ ਦਬਾਅ ਬਣਾ ਕੇ ਪਹਿਲਾਂ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਵਾਇਆ ਜਾਵੇਗਾ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਧੀ-ਭੈਣ ਨਾਲ ਅਜਿਹਾ ਧੱਕਾ ਨਾ ਹੋਵੇ।
ਇਸ ਪ੍ਰਦਰਸ਼ਨ ਦੌਰਾਨ ਸਮਾਜਿਕ ਸੰਗਠਨ ਵੀ ਪੀੜਤਾਂ ਦੇ ਸਮਰਥਨ ਵਿੱਚ ਨਿੱਤਰ ਆਏ ਹਨ। ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾ ਮੀਤ ਪ੍ਰਧਾਨ ਅਤੇ ਜਮਹੂਰੀ ਅਧਿਕਾਰ ਸਭਾ ਦੇ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਲੜਕੀਆਂ ਦੇ ਸੰਘਰਸ਼ ਦਾ ਸਮਰਥਨ ਕੀਤਾ। ਫਿਲਹਾਲ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲਾ ਦਰਜ ਨਾ ਕੀਤੇ ਜਾਣ ਕਾਰਨ ਤਿੰਨੋਂ ਲੜਕੀਆਂ ਟੈਂਕੀ 'ਤੇ ਹੀ ਡਟੀਆਂ ਹੋਈਆਂ ਹਨ ਅਤੇ ਇਨਸਾਫ਼ ਦੀ ਗੁਹਾਰ ਲਗਾ ਰਹੀਆਂ ਹਨ।
- Download Babushahi App
-
-