ਪਾਕਿਸਤਾਨ 'ਚ ਲਾਗੂ ਹੋਇਆ 'ਇੱਕ ਕਮਾਂਡਰ, ਤਿੰਨ ਸੇਵਾਵਾਂ' ਸਿਸਟਮ
ਅਸੀਮ ਮੁਨੀਰ ਬਣੇ ਪਹਿਲੇ CDF, ਜਾਣੋ ਭਾਰਤ ਦੇ CDS ਨਾਲੋਂ ਕਿਵੇਂ ਹੈ ਵੱਖਰਾ
ਇਸਲਾਮਾਬਾਦ, 05 ਸਤੰਬਰ, 2026:
ਪਾਕਿਸਤਾਨੀ ਫੌਜੀ ਢਾਂਚੇ ਵਿੱਚ ਇੱਕ ਇਤਿਹਾਸਕ ਬਦਲਾਅ ਕਰਦਿਆਂ ਦੇਸ਼ ਦੀ ਸੰਸਦ ਨੇ "ਇੱਕ ਕਮਾਂਡਰ, ਤਿੰਨ ਸੇਵਾਵਾਂ" ਪ੍ਰਣਾਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਗਸਤ 2026 ਦੇ ਅਖੀਰ ਵਿੱਚ 'ਪਾਕਿਸਤਾਨ ਡਿਫੈਂਸ ਫੋਰਸਿਜ਼ ਐਕਟ' ਪਾਸ ਕਰਕੇ 'ਚੀਫ਼ ਆਫ਼ ਡਿਫ਼ੈਂਸ ਸਟਾਫ਼' (CDF) ਦਾ ਨਵਾਂ ਅਹੁਦਾ ਬਣਾਇਆ ਗਿਆ ਹੈ। ਪਾਕਿਸਤਾਨੀ ਫੌਜ ਦੇ ਚੀਫ਼ ਅਸੀਮ ਮੁਨੀਰ ਨੂੰ ਦੇਸ਼ ਦਾ ਪਹਿਲਾ ਸੀ.ਡੀ.ਐੱਫ. ਨਿਯੁਕਤ ਕੀਤਾ ਗਿਆ ਹੈ, ਜੋ ਹੁਣ ਥਲ ਸੈਨਾ ਪ੍ਰਮੁੱਖ ਦੇ ਨਾਲ-ਨਾਲ ਤਿੰਨਾਂ ਹਥਿਆਰਬੰਦ ਬਲਾਂ (ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ) ਦੀ ਕਮਾਂਡ ਇਕੱਠੇ ਸੰਭਾਲਣਗੇ।
ਇਸ ਨਵੇਂ ਸਿਸਟਮ ਦੇ ਲਾਗੂ ਹੋਣ ਨਾਲ ਪਾਕਿਸਤਾਨੀ ਫੌਜ ਦੇ ਅਧਿਕਾਰ ਖੇਤਰ ਵਿੱਚ ਵੱਡੀਆਂ ਤਬਦੀਲੀਆਂ ਆਈਆਂ ਹਨ। 1976 ਵਿੱਚ ਬਣਾਈ ਗਈ 'ਜੁਆਇੰਟ ਚੀਫ਼ਸ ਆਫ਼ ਸਟਾਫ਼ ਕਮੇਟੀ' ਦੇ ਚੇਅਰਮੈਨ ਕੋਲ ਤਿੰਨਾਂ ਸੈਨਾਵਾਂ ਦੀ ਸਿੱਧੀ ਕਮਾਂਡ ਕਰਨ ਦਾ ਅਧਿਕਾਰ ਨਹੀਂ ਸੀ, ਪਰ ਹੁਣ ਨਵੇਂ ਬਣੇ CDF ਕੋਲ ਤਿੰਨਾਂ ਬਲਾਂ ਦੀ ਪੂਰੀ ਕਮਾਂਡ ਹੋਵੇਗੀ। ਅਸੀਮ ਮੁਨੀਰ ਸਿੱਧੇ ਸਰਕਾਰ ਨੂੰ ਰਿਪੋਰਟ ਕਰਨਗੇ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਮੁੱਖ ਫੌਜੀ ਸਲਾਹਕਾਰ ਵਜੋਂ ਵੀ ਸੇਵਾਵਾਂ ਨਿਭਾਉਣਗੇ।
ਇਹ ਵਿਵਸਥਾ ਭਾਰਤ ਦੇ 'ਚੀਫ਼ ਆਫ਼ ਡਿਫੈਂਸ ਸਟਾਫ਼' (CDS) ਸਿਸਟਮ ਨਾਲੋਂ ਕਾਫ਼ੀ ਵੱਖਰੀ ਹੈ। ਭਾਰਤ ਵਿੱਚ CDS ਦਾ ਅਹੁਦਾ ਤਿੰਨਾਂ ਸੇਵਾਵਾਂ (ਥਲ ਸੈਨਾ, ਜਲ ਸੈਨਾ, ਹਵਾਈ ਸੈਨਾ) ਵਿੱਚ ਬਿਹਤਰ ਤਾਲਮੇਲ ਬਣਾਉਣ, ਰੱਖਿਆ ਮੰਤਰਾਲੇ ਦੇ ਅਧੀਨ ਸੈਨਿਕ ਮਾਮਲਿਆਂ ਦੇ ਵਿਭਾਗ (DMA) ਦੇ ਸਕੱਤਰ ਵਜੋਂ ਕੰਮ ਕਰਨ, ਚੀਫ਼ ਆਫ਼ ਸਟਾਫ਼ ਕਮੇਟੀ (COSC) ਦੇ ਸਥਾਈ ਚੇਅਰਮੈਨ ਵਜੋਂ ਰੱਖਿਆ ਮੰਤਰੀ ਨੂੰ ਸਲਾਹ ਦੇਣ ਅਤੇ ਨਿਊਕਲੀਅਰ ਕਮਾਂਡ ਅਥਾਰਟੀ ਦੇ ਫੌਜੀ ਸਲਾਹਕਾਰ ਵਜੋਂ ਕੰਮ ਕਰਨ ਲਈ ਬਣਾਇਆ ਗਿਆ ਹੈ। ਭਾਰਤ ਵਿੱਚ CDS ਕੋਲ ਤਿੰਨਾਂ ਸੈਨਾਵਾਂ ਦੀ ਸਿੱਧੀ ਚੇਨ-ਆਫ਼-ਕਮਾਂਡ ਦੀ ਥਾਂ ਤਾਲਮੇਲ ਅਤੇ ਸਲਾਹਕਾਰ ਦੀਆਂ ਸ਼ਕਤੀਆਂ ਹਨ, ਜਦਕਿ ਪਾਕਿਸਤਾਨ ਦੇ CDF ਅਸੀਮ ਮੁਨੀਰ ਨੂੰ ਤਿੰਨਾਂ ਬਲਾਂ ਦੀ ਸਿੱਧੀ ਕਮਾਂਡ ਦਾ ਵਿਸ਼ੇਸ਼ ਅਧਿਕਾਰ ਸੌਂਪਿਆ ਗਿਆ ਹੈ।
- Download Babushahi App
-
-