ਨਰੇਗਾ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਅਤੇ ਪੰਚਾਇਤ ਮੰਤਰੀ ਦੀ ਕੋਠੀ ਅੱਗੇ ਧਰਨੇ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 8 ਜੁਲਾਈ 2026 : ਨਰੇਗਾ ਮੁਲਾਜ਼ਮਾਂ ਨੇ ਲੋਕ ਮਿਲਣੀ ਪ੍ਰੋਗਰਾਮਾਂ ਵਿੱਚ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਅਤੇ 15 ਜੁਲਾਈ ਨੂੰ ਪੰਚਾਇਤ ਮੰਤਰੀ ਦੀ ਕੋਠੀ ਅੱਗੇ ਧਰਨੇ ਦਾ ਐਲਾਨ ਕੀਤਾ ਹੈ। ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ 70 ਹਜ਼ਾਰ ਨਵੀਆਂ ਨੌਕਰੀਆਂ ਦੇਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਦਾ ਉਸ ਸਮੇਂ ਝੂਠ ਬੇਨਕਾਬ ਹੋ ਗਿਆ ਜਦੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਨਰੇਗਾ ਮੁਲਾਜ਼ਮਾਂ ਨੂੰ 18 ਸਾਲਾਂ ਤੋਂ ਕੱਚੀਆਂ ਅਸਾਮੀਆਂ ਤੇ ਰੱਖਣ ਦੇ ਬਾਵਜੂਦ ਅੱਜ ਪੱਕੇ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਨਰੇਗਾ ਮੁਲਾਜ਼ਮ ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਮਰਜ਼ ਕਰਕੇ ਪੱਕੀਆਂ ਕਰਨ ਦੀ ਮੰਗ ਨੂੰ ਲੈਕੇ ਪਿਛਲੇ 37 ਦਿਨਾਂ ਤੋਂ ਧਰਨੇ ਤੇ ਚੱਲ ਰਹੇ ਹਨ। ਲੰਘੀ 1 ਜੂਨ, 10 ਜੂਨ ਅਤੇ 2 ਜੁਲਾਈ ਨੂੰ ਲਗਾਤਾਰ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈਆਂ ਪੈਨਲ ਮੀਟਿੰਗਾਂ ਵਿੱਚ ਕੈਬਨਿਟ ਮੰਤਰੀਆਂ ਨੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਪ੍ਰਵਾਨ ਕਰ ਲਿਆ ਸੀ। ਸਰਕਾਰ ਵੱਲੋਂ 7 ਜੁਲਾਈ ਦੀ ਮੀਟਿੰਗ ਵਿੱਚ ਪੰਚਾਇਤ ਵਿਭਾਗ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਸ਼ਾਮਲ ਹੋਣ ਦੀ ਹਦਾਇਤ ਕੀਤੀ ਸੀ।
ਜਿਲ੍ਹਾ ਪ੍ਰੀਸ਼ਦ ਦਫ਼ਤਰ ਵਿਖੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੇਵਕ ਸਿੰਘ, ਸੀਨੀਅਰ ਮੀਤ ਪ੍ਰਧਾਨ ਨਰਿੰਦਰ ਕੁਮਾਰ, ਸੂਬਾ ਸਰਪ੍ਰਸਤ ਵਰਿੰਦਰ ਸਿੰਘ ਬਠਿੰਡਾ, ਵਿੱਤ ਸਕੱਤਰ ਧੀਰਜ ਕੁਮਾਰ, ਪ੍ਰੈੱਸ ਸਕੱਤਰ ਅਮਰੀਕ ਸਿੰਘ ਮਹਿਰਾਜ, ਜਨਰਲ ਸਕੱਤਰ ਨਵਪ੍ਰੀਤ ਸਿੰਘ, ਰਣਜੀਤ ਸਿੰਘ, ਸੰਜੀਵ ਮਲਹੋਤਰਾ, ਜਸਵੀਰ ਸਿੰਘ ਤੇ ਸੁਖਦੇਵ ਸਿੰਘ ਨੇ ਕਿਹਾ ਕਿ 18 ਸਾਲਾਂ ਤੋਂ ਪਿੰਡਾਂ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਨਰੇਗਾ ਮੁਲਾਜ਼ਮਾਂ ਨੂੰ ਅੱਜ ਦੀ ਮੀਟਿੰਗ ਵਿੱਚ ਨਮੋਸ਼ੀ ਹੋਈ ਜਦੋਂ ਸ਼ਨੀਵਾਰ ਐਤਵਾਰ ਅਤੇ ਛੁੱਟੀ ਵਾਲੇ ਦਿਨ ਵੀ ਨਰੇਗਾ ਮੁਲਾਜ਼ਮਾਂ ਤੋਂ ਕੰਮ ਲੈਣ ਵਾਲੀ ਅਫ਼ਸਰਸ਼ਾਹੀ ਮੀਟਿੰਗ ਦੌਰਾਨ ਮੁਲਾਜ਼ਮਾਂ ਨੂੰ ਪੱਕਾ ਕਰਨ ਤੋਂ ਪੂਰੀ ਤਰ੍ਹਾਂ ਭੱਜ ਗਈ। ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਥਾਂ, 8 ਮਹੀਨਿਆਂ ਦੀ ਬਕਾਇਆ ਤਨਖ਼ਾਹ ਦੇਣ ਦੀ ਥਾਂ ਨੌਕਰੀ ਤੋਂ ਕੱਢ ਦੇਣ ਦੀਆਂ ਧਮਕੀਆਂ ਦੇਣ ਲੱਗੀ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਅਫ਼ਸਰਸ਼ਾਹੀ ਦੀਆਂ ਆਪ ਹੁਦਰੀਆਂ ਤੇ ਕੋਈ ਕੰਟਰੋਲ ਨਹੀਂ ਹੈ, ਅੱਜ ਦੀ ਮੀਟਿੰਗ ਵਿੱਚ ਵੀ ਪੰਚਾਇਤ ਮੰਤਰੀ ਆਪਣੇ ਵਿਭਾਗ ਦੀ ਅਫ਼ਸਰਸ਼ਾਹੀ ਸਾਹਮਣੇ ਬੇਵੱਸ ਨਜ਼ਰ ਆਏ। ਆਗੂਆਂ ਨੇ ਕਿਹਾ ਸਿਰਫ਼ ਨਰੇਗਾ ਹੀ ਨਹੀਂ ਪਿੰਡਾਂ ਦੇ ਵਿਕਾਸ ਨਾਲ ਸੰਬੰਧਿਤ ਹਰ ਤਰ੍ਹਾਂ ਦੇ ਵਾਧੂ ਕੰਮਾਂ ਵਿੱਚ ਵੀ ਨਰੇਗਾ ਮੁਲਾਜ਼ਮ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰ ਨੇ ਨਰੇਗਾ ਮੁਲਾਜ਼ਮਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਰੱਜ਼ ਕੇ ਇਸਤੇਮਾਲ ਕੀਤਾ ਸੀ ਅਤੇ ਹੁਣ ਮੌਜੂਦਾ ਸਰਕਾਰ ਜੋ ਨਰੇਗਾ ਮੁਲਾਜ਼ਮਾਂ ਨਾਲ ਪੱਕੇ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਵੀ ਮੁਲਾਜ਼ਮ ਵਿਰੋਧੀ ਸਰਕਾਰ ਸ਼ਾਬਤ ਹੋਈ ਹੈ।
ਉਨ੍ਹਾਂ ਕਿਹਾ ਕਿ ਆਪਣੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਸਮਾਂ ਨਰੇਗਾ ਲੇਖੇ ਲਾ ਚੁੱਕੇ ਮੁਲਾਜ਼ਮਾਂ ਨੂੰ ਅੱਜ ਮੰਤਰੀ ਸੌਂਦ ਨੇ ਵੀ ਕਿਹਾ ਕਿ ਹੜਤਾਲ ਖ਼ਤਮ ਕਰੋ ਨਹੀਂ ਤਾਂ ਤੁਹਾਨੂੰ ਕੱਢ ਕੇ ਨਵੀਂ ਭਰਤੀ ਕੀਤੀ ਜਾਵੇਗੀ। ਇਸ ਲਈ ਪੰਜਾਬ ਭਰ ਦੇ ਨਰੇਗਾ ਮੁਲਾਜ਼ਮਾਂ ਵਿੱਚ ਬੇਹੱਦ ਰੋਸ਼ ਦੀ ਲਹਿਰ ਦੌੜ ਗਈ। ਮੌਕੇ ਤੇ ਪੁੱਜੇ ਵੱਖ-ਵੱਖ ਜਿਲ੍ਹਿਆਂ ਦੇ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ਼ ਕਰਨ ਦਾ ਫ਼ੈਸਲਾ ਕੀਤਾ। ਜਿਸ ਵਿੱਚ 10 ਜੁਲਾਈ ਨੂੰ ਸਾਰੇ ਜਿਲ੍ਹਾ ਸਦਰ ਮੁਕਾਮਾਂ ਤੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਜਾਵੇਗੀ। 15 ਜੁਲਾਈ ਨੂੰ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਖੰਨਾ ਰਿਹਾਇਸ਼ ਦਾ ਘਿਰਾਓ ਹਜ਼ਾਰਾਂ ਦਾ ਇਕੱਠ ਕਰਕੇ ਕੀਤਾ ਜਾਵੇਗਾ, ਰੋਸ ਰੈਲੀ ਕੱਢੀ ਜਾਵੇਗੀ। ਉਹਨਾਂ ਕਿਹਾ ਊ12 ਜੁਲਾਈ ਨੂੰ ਮੁੱਖ ਮੰਤਰੀ ਦੀ ਬੰਗਲੌਰ ਤੋਂ ਵਾਪਸੀ ਤੋਂ ਬਾਅਦ ਜਿੱਥੇ ਕਿਤੇ ਵੀ ਮੁੱਖ ਮੰਤਰੀ ਦਾ ਲੋਕ ਮਿਲਣੀ ਪ੍ਰੋਗਰਾਮ ਹੋਵੇਗਾ। ਉਸ ਵਿੱਚ ਜਾ ਕੇ ਨਰੇਗਾ ਮੁਲਾਜ਼ਮ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਕਰਨਗੇ। ਆਗੂਆਂ ਨੇ ਕਿਹਾ ਕਿ ਉਹ ਸੂਬਾ ਕਮੇਟੀ ਵੱਲੋਂ ਦਿੱਤੇ ਪ੍ਰੋਗਰਾਮਾਂ ਨੂੰ ਆਪਣੇ ਜਿਲ੍ਹੇ ਵਿੱਚ ਪੂਰੀ ਤਿਆਰੀ ਨਾਲ ਕਰਨਗੇ। ਇਸ ਮੌਕੇ ਵੱਖ ਵੱਖ ਜ਼ਿਲ੍ਹਿਆਂ ਦੇ ਵੱਡੀ ਗਿਣਤੀ ਵਿੱਚ ਆਗੂ ਸ਼ਾਮਲ ਸਨ।
- Download Babushahi App
-
-