ਨਗਰ ਨਿਗਮ ਦੀਆਂ ਵੋਟਾਂ ਬਣਾਉਣ ਲਈ ਲਾਏ ਜਾ ਰਹੇ ਹਨ ਵਿਸ਼ੇਸ਼ ਕੈਂਪ: ਮੇਅਰ ਪਦਮਜੀਤ ਮਹਿਤਾ
ਅਸ਼ੋਕ ਵਰਮਾ
ਬਠਿੰਡਾ, 20 ਦਸੰਬਰ 2025 : ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਆਪਣੀਆਂ ਵੋਟਾਂ ਬਣਵਾਉਣ ਲਈ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਬਠਿੰਡਾ ਦੇ ਵੱਖ-ਵੱਖ ਥਾਵਾਂ 'ਤੇ ਨਵੀਆਂ ਵੋਟਾਂ ਬਣਾਉਣ ਲਈ ਕੈਂਪ ਲਗਾਏ ਜਾ ਰਹੇ ਹਨ। ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਕੱਲ੍ਹ ਤੋਂ, ਨਗਰ ਨਿਗਮ ਦਫ਼ਤਰ ਅਤੇ ਵਾਰਡ ਨੰਬਰ 48 ਵਿੱਚ ਮੇਅਰ ਦਫ਼ਤਰ, ਐਸਸੀਐਫ-11, ਰਾਜੀਵ ਗਾਂਧੀ ਕਲੋਨੀ ਵਿਖੇ ਵੋਟਰ ਆਵੇਦਨ ਕੈਂਪ ਸ਼ੁਰੂ ਕੀਤੇ ਜਾ ਰਹੇ ਹਨ, ਤਾਂ ਜੋ ਹੋਰ ਨੌਜਵਾਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।
ਉਨ੍ਹਾਂ ਬਠਿੰਡਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ 1 ਜਨਵਰੀ, 2026 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਸਾਰੇ ਨੌਜਵਾਨ ਆਪਣੀਆਂ ਵੋਟਾਂ ਜ਼ਰੂਰ ਬਣਵਾਉਣ। ਮੇਅਰ ਨੇ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਇੱਕ ਚੰਗੀ ਸਰਕਾਰ ਬਣਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਇਸ ਲਈ, ਹਰ ਨੌਜਵਾਨ ਦਾ ਫਰਜ਼ ਬਣਦਾ ਹੈ ਕਿ ਉਹ ਨਾ ਸਿਰਫ਼ ਆਪਣੀ ਵੋਟ ਪਾਉਣ, ਸਗੋਂ ਨਗਰ ਨਿਗਮ ਚੋਣਾਂ ਵਿੱਚ ਆਪਣੇ ਸਤਿਕਾਰਯੋਗ ਕੌਂਸਲਰਾਂ ਨੂੰ ਚੁਣ ਕੇ ਇੱਕ ਆਦਰਸ਼ ਤੇ ਸੁੰਦਰ ਬਠਿੰਡਾ ਬਣਾਉਣ ਵਿੱਚ ਵੀ ਯੋਗਦਾਨ ਪਾਉਣ।
ਪ੍ਰੈਸ ਕਾਨਫਰੰਸ ਦੌਰਾਨ, ਮੇਅਰ ਪਦਮਜੀਤ ਸਿੰਘ ਮਹਿਤਾ ਨੇ ਮਾਨ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਹਿੱਸੇ ਵਜੋਂ ਬਠਿੰਡਾ ਵਿੱਚ ਪਹਿਲੀ ਵਾਰ ਕਰਵਾਈ ਜਾ ਰਹੀ ਬਠਿੰਡਾ ਪ੍ਰੀਮੀਅਰ ਲੀਗ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਲੀਗ ਨਸ਼ਿਆਂ ਨੂੰ ਖਤਮ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਵੱਡੇ ਪੱਧਰ 'ਤੇ ਆਯੋਜਿਤ ਕੀਤੀ ਜਾ ਰਹੀ ਹੈ।
ਮੇਅਰ ਨੇ ਕਿਹਾ ਕਿ ਇਸ ਲੀਗ ਦਾ ਆਗਾਜ਼ ਪਹਿਲਾਂ 28 ਦਸੰਬਰ ਨੂੰ ਹੋਣਾ ਸੀ, ਪਰ ਸੁਰੱਖਿਆ ਕਾਰਣਾਂ ਅਤੇ ਸੰਘਣੀ ਧੁੰਦ ਕਰਕੇ ਹੁਣ ਇਸ ਲੀਗ ਦਾ ਉਦਘਾਟਨ ਲੋਹੜੀ ਤਿਉਹਾਰ ਤੋਂ ਇੱਕ ਦਿਨ ਪਹਿਲਾਂ 12 ਜਨਵਰੀ, 2026 ਨੂੰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੀਗ ਦੇ ਉਦਘਾਟਨੀ ਸਮਾਰੋਹ ਵਿੱਚ ਕਈ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹੋਣੀਆਂ ਹਨ, ਪਰ ਧੁੰਦ ਕਾਰਨ ਉਡਾਣਾਂ ਰੱਦ ਹੋਣ ਕਾਰਨ ਇਸ ਮਿਤੀ ਵਿੱਚ ਫੇਰ ਬਦਲ ਕੀਤਾ ਗਿਆ ਹੈ।
ਮੇਅਰ ਮਹਿਤਾ ਨੇ ਸਪੱਸ਼ਟ ਕੀਤਾ ਕਿ ਧੁੰਦ ਜਨਤਕ ਜੀਵਨ ਅਤੇ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੀ ਹੈ। ਇਸ ਲਈ, ਖਿਡਾਰੀਆਂ ਤੇ ਦਰਸ਼ਕਾਂ ਦੀ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ, ਬਠਿੰਡਾ ਪ੍ਰੀਮੀਅਰ ਲੀਗ ਹੁਣ 12 ਜਨਵਰੀ ਨੂੰ ਸ਼ੁਰੂ ਹੋਵੇਗੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਲੀਗ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰੇਗੀ ਅਤੇ ਬਠਿੰਡਾ ਵਿੱਚ ਇੱਕ ਸਕਾਰਾਤਮਕ ਸੰਦੇਸ਼ ਲਿਆਏਗੀ। ਉਨ੍ਹਾਂ ਕਿਹਾ ਕਿ ਬਠਿੰਡਾ ਪ੍ਰੀਮੀਅਰ ਲੀਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿਜ਼ਨ ਨੂੰ ਅੱਗੇ ਵਧਾ ਕੇ ਨਸ਼ਾ ਮੁਕਤ ਪੰਜਾਬ ਵੱਲ ਸਫਲ ਤਬਦੀਲੀ ਵਿੱਚ ਯੋਗਦਾਨ ਪਾਵੇਗੀ।