ਧਰਮਗੜ੍ਹ ਚੈਰੀਟੇਬਲ ਟਰੱਸਟ ਵੱਲੋਂ ਲਗਾਏ ਕੈਂਪ ‘ਚ 75 ਯੂਨਿਟ ਖੂਨ ਦਾਨ
ਮਲਕੀਤ ਸਿੰਘ ਮਲਕਪੁਰ
ਲਾਲੜੂ 25 ਅਕਤੂਬਰ 2026: ਧਰਮਗੜ੍ਹ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਧਰਮਗੜ੍ਹ ਦੇ ਸਰਕਾਰੀ ਸਕੂਲ ਵਿੱਚ 6ਵਾਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਜੀਐਮਸੀਐਚ ਸੈਕਟਰ 32 ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ ਨੇ 75 ਯੂਨਿਟ ਖੂਨ ਇਕੱਤਰ ਕੀਤਾ। ਕੈਂਪ ਦੀ ਸ਼ੁਰੂਆਤ ਟਰੱਸਟ ਅਹੁਦੇਦਾਰਾਂ ਨੇ ਆਪ ਖੂਨ ਦਾਨ ਕਰਕੇ ਕੀਤੀ। ਇਸ ਮੌਕੇ ਟਰੱਸਟ ਦੇ ਪ੍ਰਧਾਨ ਅਵਜਿੰਦਰ ਸਿੰਘ ਤੇ ਖ਼ਜ਼ਾਨਚੀ ਸਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਟਰੱਸਟ ਵੱਲੋਂ ਪਿੰਡ ਪੱਧਰ ਉੱਤੇ ਖੂਨ ਦਾਨ ਦਾ ਇਹ 6ਵਾਂ ਕੈਂਪ ਹੈ, ਜਿਸ ਵਿੱਚ ਪਿੰਡ ਦੇ ਨੌਜਵਾਨਾਂ ਸਮੇਤ ਨੇੜਲੇ ਪਿੰਡਾਂ ਦੇ ਵਿਅਕਤੀਆਂ ਤੇ ਔਰਤਾਂ ਨੇ ਵੀ ਖੂਨ ਦਾਨ ਕੀਤਾ।
ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਇਸ ਤੋਂ ਪਹਿਲਾਂ ਖੂਨ ਦਾਨ ਤੇ ਅੱਖਾਂ ਦੇ ਜਾਂਚ ਕੈਂਪ ਪਿੰਡ ਵਿੱਚ ਲਗਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਖੂਨ ਦਾਨ ਇੱਕ ਮਹਾਂ ਦਾਨ ਹੈ, ਇਸ ਲਈ ਹਰ ਵਿਅਕਤੀ ਨੂੰ ਘੱਟੋ-ਘੱਟ ਸਾਲ ਵਿੱਚ ਇੱਕ ਵਾਰੀ ਖੂਨ ਜਰੂਰ ਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਹਰ ਸਾਲ ਵਾਤਾਵਰਨ ਦੀ ਸੰਭਾਲ ਲਈ ਪਿੰਡ ਦੀਆਂ ਜਨਤਕ ਥਾਵਾਂ ਤੇ ਬੂਟੇ ਲਗਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਗੋਦ ਲੈ ਕੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਪਾਲਣ ਪੋਸਣ ਕੀਤਾ ਜਾਂਦਾ ਹੈ। ਖਜ਼ਾਨਚੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਹ ਖੂਨ ਉਹ ਥਲੇਸੀਮੀਆਂ ਬਿਮਾਰੀ ਨਾਲ ਪੀੜਤ ਬੱਚਿਆਂ ਦੇ ਲਈ ਇਕੱਤਰ ਕੀਤਾ ਹੈ ਤਾਂ ਜੋ ਉਹ ਵੀ ਆਪਣੀ ਜਿੰਦਗੀ ਬਸਰ ਕਰ ਸਕਣ।
ਉਨ੍ਹਾਂ ਖੂਨ ਦਾਨ ਕਰਨ ਵਾਲੇ ਹਰ ਖੂਨਦਾਨੀ ਨੂੰ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਟਰੱਸਟ ਦੇ ਮੈਂਬਰ ਪਰਵਿੰਦਰ ਸਿੰਘ, ਮਨੀਸ਼ ਸੈਣੀ, ਤਰਨ ਕੁਮਾਰ , ਸੱਜਣ ਸਿੰਘ, ਤਰਸੇਮ ਸਿੰਘ, ਹਰਪ੍ਰੀਤ ਸਿੰਘ, ਵਿਨੋਦ ਕੁਮਾਰ, ਗੁਰਜਿੰਦਰ ਸਿੰਘ ਐਸ. ਜੀ.ਆਰ, ਰਵਿੰਦਰ ਸਿੰਘ, ਜਸਵੀਰ ਸਿੰਘ, ਲਾਡੀ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਬਲਜੀਤ ਸਿੰਘ, ਹਰਪ੍ਰੀਤ ਸਿੰਘ , ਗੁਰਪ੍ਰੀਤ ਸਿੰਘ, ਸੰਦੀਪ ਖਾਨ , ਰਵੀ ਕੁਮਾਰ , ਗੁਰਜੋਤ ਸਿੰਘ, ਬਲਵਿੰਦਰ ਸਿੰਘ ਮਨੀ ਆਦਿ ਵੀ ਹਾਜ਼ਰ ਸਨ।
- Download Babushahi App
-
-