ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਹਿਮ ਨਿਯੁਕਤੀਆਂ ਦਾ ਐਲਾਨ: ਹਰਦੀਪ ਸਿੰਘ ਕਾਲਕਾ
ਨਵੀਂ ਦਿੱਲੀ 4 ਦਸੰਬਰ, 2025
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਬੋਰਡ ਦੀ ਮੀਟਿੰਗ ਵਿੱਚ ਸਹਿਮਤੀ ਦੇ ਨਾਲ ਦੋ ਮਹੱਤਵਪੂਰਨ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਬੋਰਡ ਨੇ ਸਰਦਾਰ ਪਰਮਿੰਦਰ ਸਿੰਘ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਦੀ ਸਬ-ਕਮੇਟੀ ਲਈ ਕੋ-ਚੇਅਰਮੈਨ ਅਤੇ ਸਰਦਾਰ ਜਸਪਾਲ ਸਿੰਘ ਸਚਦੇਵਾ ਜੀ ਨੂੰ ਗੁਰਦੁਆਰਾ ਬੰਗਲਾ ਸਾਹਿਬ ਦੀ ਸਬ-ਕਮੇਟੀ ਲਈ ਵਾਈਸ-ਚੇਅਰਮੈਨ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ ਇਹ ਨਿਯੁਕਤੀਆਂ ਸੇਵਾ-ਨਿਸ਼ਠਾ, ਤਜਰਬੇਦਾਰੀ ਅਤੇ ਸਮਰਪਣ ਦੇ ਮਾਪਦੰਡਾਂ ਦੇ ਆਧਾਰ ’ਤੇ ਕੀਤੀਆਂ ਗਈਆਂ ਹਨ ਅਤੇ ਇਹ ਨਿਸ਼ਚਤ ਤੌਰ ’ਤੇ ਗੁਰਮਤਿ ਪ੍ਰਸਾਰ, ਸੰਗਤ ਦੀ ਸੇਵਾ ਅਤੇ ਪ੍ਰਬੰਧਕੀ ਸੁਚਾਰੂਤਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣਗੀਆਂ।
ਉਹਨਾਂ ਕਿਹਾ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਬੰਗਲਾ ਸਾਹਿਬ ਸਾਡੀ ਰੂਹਾਨੀ ਵਿਰਾਸਤ ਦੇ ਜੀਵੰਤ ਕੇਂਦਰ ਹਨ। ਇਨ੍ਹਾਂ ਸੰਸਥਾਵਾਂ ਵਿੱਚ ਸੇਵਾ ਕਰਨ ਵਾਲੇ ਹਰ ਵਿਅਕਤੀ ਦੀ ਭੂਮਿਕਾ ਮਹੱਤਵਪੂਰਨ ਹੈ ਅਤੇ ਨਵੇਂ ਨਿਯੁਕਤ ਹੋਏ ਸਿੰਘ ਸੰਗਤ ਦੀ ਭਲਾਈ ਲਈ ਨਵੀਆਂ ਉੱਚਾਈਆਂ ਸਥਾਪਤ ਕਰਨਗੇ।”
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੋਵੇਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਮੇਟੀ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਗੁਰੂਘਰ ਦੀ ਮਰਯਾਦਾ, ਨਿਮਰਤਾ ਅਤੇ ਪਾਰਦਰਸ਼ੀ ਪ੍ਰਬੰਧਕੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਸੰਗਤ ਦੀਆਂ ਉਮੀਦਾਂ ’ਤੇ ਖਰੇ ਉਤਰਣਗੇ।