ਜੈਨ ਮੰਦਰ ਚੋਰੀ ਮਾਮਲੇ ਦੀ ਗੁੱਥੀ ਸੁਲਝੀ: ਪੁਲਿਸ ਵੱਲੋਂ ਦੋ ਮੁਲਜ਼ਮ ਗ੍ਰਿਫ਼ਤਾਰ, ਚੋਰੀ ਦਾ ਸਮਾਨ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ, 08 ਜੁਲਾਈ 2026- ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਅਤੇ ਆਈ.ਪੀ.ਐਸ., ਦੇਵ ਸਿੰਘ, ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-3, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਅੰਮ੍ਰਿਤਪਾਲ ਸਿੰਘ, ਮੁੱਖ ਅਫ਼ਸਰ ਥਾਣਾ ਪੀ.ਏ.ਯੂ., ਲੁਧਿਆਣਾ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਜੈਨ ਮੰਦਰ ਵਿਖੇ ਹੋਈ ਚੋਰੀ ਦੀ ਵਾਰਦਾਤ ਨੂੰ ਸਫ਼ਲਤਾਪੂਰਵਕ ਟਰੇਸ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਕੀਤਾ ਕੀਮਤੀ ਸਮਾਨ ਬਰਾਮਦ ਕੀਤਾ ਹੈ।
ਮਿਤੀ 13/14.06.2026 ਦੀ ਦਰਮਿਆਨੀ ਰਾਤ ਨੂੰ ਜੈਨ ਮੰਦਰ, ਨਿਊ ਸੂਰੀਆ ਵਿਹਾਰ, ਪੰਜ ਪੀਰ ਰੋਡ, ਲੁਧਿਆਣਾ ਵਿਖੇ ਹੋਈ ਚੋਰੀ ਸਬੰਧੀ ਮੁਕੱਦਮਾ ਨੰਬਰ 104 ਮਿਤੀ 17.06.2026 ਅਧੀਨ ਧਾਰਾ 331(4) ਅਤੇ 305 ਬੀ.ਐਨ.ਐਸ. ਥਾਣਾ ਪੀ.ਏ.ਯੂ., ਲੁਧਿਆਣਾ ਵਿਖੇ ਦਰਜ ਕੀਤਾ ਗਿਆ ਸੀ। ਦੌਰਾਨੇ ਤਫ਼ਤੀਸ਼ ਪੁਲਿਸ ਪਾਰਟੀ ਵੱਲੋਂ ਤਕਨੀਕੀ ਅਤੇ ਗੁਪਤ ਸੂਚਨਾਵਾਂ ਦੇ ਆਧਾਰ 'ਤੇ ਰੋਸ਼ਨ ਕੁਮਾਰ ਪੁੱਤਰ ਤੇਜੋ ਸਾਹਨੀ ਅਤੇ ਸੁਨੀਲ ਮੰਡਲ ਉਰਫ਼ ਮਰਿੰਡੀ ਪੁੱਤਰ ਲੇਟ ਗੋਰਖ ਮੰਡਲ, ਦੋਵੇਂ ਹਾਲ ਵਾਸੀ ਨੇੜੇ ਗੁਰਦੁਆਰਾ ਬੁੱਢਾ ਸਾਹਿਬ, ਪੰਜ ਪੀਰ ਰੋਡ, ਡੇਅਰੀ ਕੰਪਲੈਕਸ, ਹੰਬੜਾ ਰੋਡ, ਲੁਧਿਆਣਾ ਨੂੰ ਕਾਬੂ ਕਰਕੇ ਹਸਬ ਜ਼ਾਬਤਾ ਗ੍ਰਿਫ਼ਤਾਰ ਕੀਤਾ ਗਿਆ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਜੈਨ ਮੰਦਰ ਵਿੱਚੋਂ ਸ਼ਾਂਤੀਨਾਥ ਭਗਵਾਨ ਜੀ ਦੀ ਚਾਂਦੀ ਦੀ ਮੂਰਤੀ, ਚਾਂਦੀ ਦਾ ਮੰਗਲ ਕਲਸ਼ (ਚੌਕੀ), ਚਾਂਦੀ ਦਾ ਸਿੱਧ ਚੱਕਰ, ਪੂਜਾ ਲਈ ਵਰਤੀਆਂ ਜਾਣ ਵਾਲੀਆਂ ਚਾਂਦੀ ਦੀਆਂ 20 ਪਲੇਟਾਂ, 20 ਕਟੋਰੀਆਂ, 4 ਵੱਡੇ ਕਟੋਰੇ, ਮੰਦਰ ਦੀ ਗੋਲਕ ਵਿੱਚ ਪਈ ਕਰੀਬ 10 ਤੋਂ 15 ਹਜ਼ਾਰ ਰੁਪਏ ਦੀ ਨਕਦੀ ਅਤੇ ਮੰਦਰ ਵਿੱਚ ਲੱਗਾ ਡੀ.ਵੀ.ਆਰ. ਚੋਰੀ ਕੀਤਾ ਸੀ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਕੀਤਾ ਸਮਾਨ ਸ਼ਾਂਤੀਨਾਥ ਭਗਵਾਨ ਜੀ ਦੀ ਚਾਂਦੀ ਦੀ ਮੂਰਤੀ ਚਾਂਦੀ ਦਾ ਮੰਗਲ ਕਲਸ਼ (ਚੌਕੀ) ਚਾਂਦੀ ਦਾ ਸਿੱਧ ਚੱਕਰ (ਮੂਰਤੀ) ਬਰਾਮਦ ਕਰ ਲਿਆ ਹੈ। ਮੁੱਢਲੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਰੋਸ਼ਨ ਕੁਮਾਰ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹਨ।
- Download Babushahi App
-
-