ਜਲੰਧਰ ਪੁਲਿਸ ਵਲੋਂ ਦੋ ਨਾਬਾਲਗ ਲੜਕੀਆਂ ਜੰਮੂ-ਕਸ਼ਮੀਰ ਤੋਂ ਬਰਾਮਦ
ਜਲੰਧਰ, 28 ਨਵੰਬਰ 2025- ਪੁਲਿਸ ਕਮਿਸ਼ਨਰ ਸ਼੍ਰੀਮਤੀ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੁਝ ਦਿਨ ਪਹਿਲਾਂ ਲਾਪਤਾ ਹੋਈਆਂ ਦੋ ਨਾਬਾਲਗ ਲੜਕੀਆਂ ਨੂੰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁੱਕਦਮਾ ਨੰਬਰ 281 ਮਿਤੀ 22 ਨਵੰਬਰ 2025 ਅਧੀਨ ਧਾਰਾ 137(2) ਬੀ.ਐਨ.ਐਸ.ਅਧੀਨ ਥਾਣਾ ਡਿਵੀਜ਼ਨ ਨੰਬਰ 8, ਜਲੰਧਰ ਵਿੱਚ ਦਰਜ ਕੀਤੀ ਗਈ ਸੀ, ਜਦੋਂ ਦੋ ਨਾਬਾਲਗ ਲੜਕੀਆਂ ਉਮਰ 14 ਅਤੇ 16 ਸਾਲ ਸਕੂਲ ਤੋਂ ਵਾਪਸ ਆਉਂਦੇ ਸਮੇਂ ਲਾਪਤਾ ਹੋ ਗਈਆਂ ਸਨ।
ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਟੀਮ ਨੇ ਏ.ਡੀ.ਸੀ.ਪੀ.-1 ਅਤੇ ਏ.ਸੀ.ਪੀ. ਨਾਰਥ ਦੀ ਅਗਵਾਈ ਹੇਠ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਕਈ ਸੰਦੇਹਜਨਕ ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਕਠੂਆ, ਜੰਮੂ ਤੇ ਕਸ਼ਮੀਰ ਵਿੱਚ ਸੰਯੁਕਤ ਕਾਰਵਾਈ ਦੌਰਾਨ ਪੁਲਿਸ ਨੇ ਦੋਵੇਂ ਨਾਬਾਲਗ ਲੜਕੀਆਂ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਅਤੇ ਘਟਨਾ ਵਿੱਚ ਸ਼ਾਮਲ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਅੱਗੇ ਜਾਂਚ ਜਾਰੀ ਹੈ।