ਜਗਰਾਉਂ ਨਗਰ ਕੌਂਸਲ ਦੀ ਮੀਟਿੰਗ ਰਹੀ ਹੰਗਾਮਾ ਪੂਰਨ; ਵਿਕਾਸ ਮਸਲਿਆਂ ‘ਤੇ ਗਰਮਾਗਰਮੀ ਦੇ ਬਾਵਜੂਦ ਕਈ ਮਤੇ ਪਾਸ
ਦੀਪਕ ਜੈਨ
ਜਗਰਾਉਂ 6 ਅਪ੍ਰੈਲ
ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਅੱਜ ਸਵੇਰੇ 10 ਵਜੇ ਟਾਊਨ ਹਾਲ ਵਿੱਚ ਨਗਰ ਕੌਂਸਲ ਹਾਊਸ ਦੀ ਮਹੱਤਵਪੂਰਨ ਮੀਟਿੰਗ ਹੋਈ, ਜੋ ਕਰੀਬ ਦੋ ਘੰਟੇ ਚੱਲੀ ਅਤੇ ਦੌਰਾਨ ਹੰਗਾਮਾਪੂਰਨ ਮਾਹੌਲ ਵੀ ਵੇਖਣ ਨੂੰ ਮਿਲਿਆ। ਮੀਟਿੰਗ ਵਿੱਚ ਕਾਰਜ ਸਾਧਕ ਅਧਿਕਾਰੀ ਮੋਹਿਤ ਸ਼ਰਮਾ, ਐੱਮ.ਈ. ਅਜੇਪਾਲ ਵਰਮਾ, ਇੰਸਪੈਕਟਰ ਸ਼ਿਵ ਕੁਮਾਰ, ਜੇ.ਈ. ਨਿਰਮਲਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਕੰਵਰਪਾਲ ਸਿੰਘ, ਮੀਤ ਪ੍ਰਧਾਨ ਜਗਜੀਤ ਸਿੰਘ ਜੱਗੀ ਸਮੇਤ 19 ਕੌਂਸਲਰ ਹਾਜ਼ਰ ਰਹੇ, ਜਦਕਿ ਇੱਕ ਮੈਂਬਰ ਗੈਰਹਾਜ਼ਰ ਰਿਹਾ।
ਮੀਟਿੰਗ ਦੌਰਾਨ ਬਹੁਤੇ ਏਜੰਡਿਆਂ ‘ਤੇ ਸਹਿਮਤੀ ਬਣ ਗਈ, ਪਰ ਵਿਰੋਧੀ ਧਿਰ ਵੱਲੋਂ ਕਈ ਮਸਲਿਆਂ ‘ਤੇ ਤਿੱਖੇ ਇਤਰਾਜ਼ ਦਰਜ ਕਰਵਾਏ ਗਏ। ਏਜੰਡਾ ਨੰਬਰ 10 ਅਧੀਨ ਸੀਵਰੇਜ ਸਫਾਈ ਲਈ ਸੁਪਰ ਸਕਸ਼ਨ ਮਸ਼ੀਨ ਦੀ ਖਰੀਦ ਵਾਸਤੇ ਰੱਖੇ 40.50 ਲੱਖ ਰੁਪਏ ਦੇ ਪ੍ਰਸਤਾਵ ‘ਤੇ ਸਾਬਕਾ ਪ੍ਰਧਾਨ ਜਤਿੰਦਰ ਪਾਲ ਰਾਣਾ ਨੇ 10 ਲੱਖ ਰੁਪਏ ਵਧਾਉਣ ਦਾ ਸੁਝਾਅ ਦਿੱਤਾ, ਤਾਂ ਜੋ ਮਸ਼ੀਨ ਦੀ ਮੁਰੰਮਤ ਅਤੇ ਲੰਬੇ ਸਮੇਂ ਦੀ ਵਰਤੋਂ ਯਕੀਨੀ ਬਣਾਈ ਜਾ ਸਕੇ।
ਏਜੰਡਾ ਨੰਬਰ 11 ਤਹਿਤ ਪਾਣੀ ਦੀ ਟੈਸਟਿੰਗ ਲਈ 39,000 ਰੁਪਏ ਖਰਚ ਕਰਨ ਦੇ ਪ੍ਰਸਤਾਵ ‘ਤੇ ਵੀ ਸਵਾਲ ਉੱਠੇ। ਰਾਣਾ ਨੇ ਦਲੀਲ ਦਿੱਤੀ ਕਿ ਪਹਿਲਾਂ ਹੋ ਚੁੱਕੇ ਟੈਸਟਾਂ ਦੇ ਮੱਦੇਨਜ਼ਰ ਮੁੜ ਖਰਚ ਕਰਨ ਦੀ ਲੋੜ ਨਹੀਂ। ਇਸੇ ਤਰ੍ਹਾਂ ਭੱਦਰ ਕਾਲੀ ਮੰਦਰ ਨੇੜੇ ਕੂੜੇ ਦੀ ਰੈਮੀਡੇਸ਼ਨ ਲਈ 48.75 ਲੱਖ ਰੁਪਏ ਦੇ ਮਤੇ ‘ਤੇ ਵਿਰੋਧੀਆਂ ਨੇ ਪੁੱਛਿਆ ਕਿ ਜਦ ਪਹਿਲਾਂ ਹੀ ਕਰੀਬ 2 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ ਤਾਂ ਹੋਰ ਖਰਚ ਦੀ ਵਜ੍ਹਾ ਸਪੱਸ਼ਟ ਕੀਤੀ ਜਾਵੇ।
ਮੀਟਿੰਗ ਵਿੱਚ ਮ੍ਰਿਤਕ ਕਿਰਾਏਦਾਰਾਂ ਦੀਆਂ ਦੁਕਾਨਾਂ ਵਾਰਸਾਂ ਦੇ ਨਾਮ ਕਰਨ ਸਬੰਧੀ ਵੀ ਗੰਭੀਰ ਚਰਚਾ ਹੋਈ। ਮੈਂਬਰਾਂ ਨੇ ਮੰਗ ਕੀਤੀ ਕਿ ਪਹਿਲਾਂ ਜਾਂਚ ਕੀਤੀ ਜਾਵੇ ਕਿ ਦੁਕਾਨਾਂ ਅਸਲ ਵਾਰਸਾਂ ਕੋਲ ਹਨ ਜਾਂ ਅੱਗੇ ਟ੍ਰਾਂਸਫਰ ਹੋ ਚੁੱਕੀਆਂ ਹਨ ਅਤੇ ਡਿਫਾਲਟਰਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਰਕਾਰੀ ਗ੍ਰਾਂਟ ਵਾਲੇ ਕੰਮਾਂ ਦੀ ਅਦਾਇਗੀ ਮਿਊਂਸੀਪਲ ਫੰਡਾਂ ਵਿੱਚੋਂ ਕਰਨ ਦੇ ਪ੍ਰਸਤਾਵ ਦਾ ਵਿਰੋਧ ਕਰਦਿਆਂ ਕਿਹਾ ਗਿਆ ਕਿ ਜੇ ਸਰਕਾਰ ਵੱਲੋਂ 6.94 ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ ਹੈ ਤਾਂ ਠੇਕੇਦਾਰਾਂ ਨੂੰ ਉਸਦੀ ਉਡੀਕ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ 200 ਬਿਜਲੀ ਖੰਭੇ ਲਗਾਉਣ ਦੇ ਪ੍ਰਸਤਾਵ ਨੂੰ ਅਸਪੱਸ਼ਟ ਦੱਸਦਿਆਂ ਵਿਸਥਾਰਤ ਐਸਟੀਮੇਟ ਦੀ ਮੰਗ ਕੀਤੀ ਗਈ।
ਵਿਕਾਸ ਦੇ 92 ਕੰਮਾਂ ਵਿੱਚੋਂ ਕੁਝ ਮਸਲਿਆਂ ‘ਤੇ ਅਸਪੱਸ਼ਟਤਾ ਸਾਹਮਣੇ ਆਈ। ਸ਼ਮਸ਼ਾਨ ਘਾਟ ਦੀ ਬਾਊਂਡਰੀ ਵਾਲ ਦਾ ਮਾਮਲਾ ਪੜਤਾਲ ਲਈ ਰੱਖਿਆ ਗਿਆ, ਜਦਕਿ 31.10 ਲੱਖ ਦੀ ਇੰਟਰਲੌਕ ਟਾਈਲਾਂ ਵਾਲਾ ਕੰਮ ਇਤਰਾਜ਼ਾਂ ਮਗਰੋਂ ਰੱਦ ਕਰ ਦਿੱਤਾ ਗਿਆ। ਵਿਰੋਧੀ ਧਿਰ ਨੇ ਸਾਰੇ ਕੰਮਾਂ ਦੀ ਮੁੜ ਸਮੀਖਿਆ ਦੀ ਮੰਗ ਕੀਤੀ।
ਮੀਟਿੰਗ ਦੇ ਅੰਤ ‘ਤੇ ਈ.ਓ. ਮੋਹਿਤ ਸ਼ਰਮਾ ਨੇ ਦੱਸਿਆ ਕਿ ਜ਼ਿਆਦਾਤਰ ਮਤੇ ਸਰਬਸੰਮਤੀ ਨਾਲ ਪਾਸ ਹੋਏ ਹਨ ਅਤੇ ਜਿਨ੍ਹਾਂ ‘ਤੇ ਇਤਰਾਜ਼ ਆਏ ਹਨ, ਉਨ੍ਹਾਂ ਦੀ ਮੁੜ ਜਾਂਚ ਕੀਤੀ ਜਾਵੇਗੀ। ਸੀਨੀਅਰ ਮੀਤ ਪ੍ਰਧਾਨ ਕੰਵਰਪਾਲ ਸਿੰਘ ਨੇ ਵਿਰੋਧੀਆਂ ‘ਤੇ ਵਿਕਾਸ ਵਿੱਚ ਰੁਕਾਵਟ ਪੈਦਾ ਕਰਨ ਦੇ ਦੋਸ਼ ਲਗਾਏ, ਜਦਕਿ ਸਾਬਕਾ ਪ੍ਰਧਾਨ ਜਤਿੰਦਰ ਪਾਲ ਰਾਣਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪਾਰਦਰਸ਼ਤਾ ਅਤੇ ਜਨਤਕ ਧਨ ਦੀ ਸਹੀ ਵਰਤੋਂ ਯਕੀਨੀ ਬਣਾਉਣਾ ਹੈ।
Click to Follow Babushahi Facebook page →