ਚੰਡੀਗੜ੍ਹ 'ਚ ਹੋਣ ਵਾਲੇ 'ਆਈਫੋਨ ਲੰਗਰ' 'ਤੇ ਪ੍ਰਸ਼ਾਸਨ ਦੀ ਰੋਕ: ਡੀਸੀ ਅਤੇ ਐਸਐਸਪੀ ਨੇ ਦਿੱਤੇ ਸਖ਼ਤ ਕਾਰਵਾਈ ਦੇ ਹੁਕਮ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 21 ਸਤੰਬਰ, 2026 — ਚੰਡੀਗੜ੍ਹ ਪ੍ਰਸ਼ਾਸਨ ਨੇ ਕਾਰੋਬਾਰੀ ਰਾਕੇਸ਼ ਤ੍ਰੇਹਨ (ਰਾਜਾ ਦ ਕਿੰਗ) ਵੱਲੋਂ 22 ਸਤੰਬਰ ਨੂੰ ਲਗਾਏ ਜਾਣ ਵਾਲੇ ਚਰਚਿਤ 'ਆਈਫੋਨ ਲੰਗਰ' 'ਤੇ ਪਾਬੰਦੀ ਲਗਾ ਦਿੱਤੀ ਹੈ। ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਭਗਦੜ ਅਤੇ ਸੁਰੱਖਿਆ ਖ਼ਤਰਿਆਂ ਨੂੰ ਦੇਖਦੇ ਹੋਏ ਪੁਲਿਸ ਨੂੰ ਅਜਿਹੇ ਕਿਸੇ ਵੀ ਪ੍ਰੋਗਰਾਮ ਨੂੰ ਹੋਣ ਤੋਂ ਰੋਕਣ ਦੇ ਨਿਰਦੇਸ਼ ਦਿੱਤੇ ਹਨ।
ਡੀਸੀ ਨਿਸ਼ਾਂਤ ਯਾਦਵ ਨੇ ਸਪੱਸ਼ਟ ਕੀਤਾ ਕਿ ਬਿਨਾਂ ਪੂਰਵ ਇਜਾਜ਼ਤ ਦੇ ਅਜਿਹੇ ਪ੍ਰੋਗਰਾਮਾਂ ਨਾਲ ਭਾਰੀ ਭੀੜ ਇਕੱਠੀ ਹੋਣ ਕਾਰਨ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਅਤੇ ਮੋਹਾਲੀ ਦੇ ਐਸਐਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਸਮਾਗਮ ਲਈ ਕੋਈ ਪ੍ਰਸ਼ਾਸਨਿਕ ਇਜਾਜ਼ਤ ਨਹੀਂ ਲਈ ਗਈ ਹੈ ਅਤੇ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 163 (ਪਹਿਲਾਂ ਸੀਆਰਪੀਸੀ 144) ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਦੇ ਸਖ਼ਤ ਰੁਖ਼ ਤੋਂ ਬਾਅਦ ਕਾਰੋਬਾਰੀ ਤ੍ਰੇਹਨ ਨੇ ਸਪੱਸ਼ਟੀਕਰਨ ਦਿੱਤਾ ਕਿ ਉਹ ਭੀੜ ਇਕੱਠੀ ਨਹੀਂ ਕਰਨਗੇ, ਸਗੋਂ ਮੀਡੀਆ ਸਾਹਮਣੇ ਡਰਾਅ ਕੱਢ ਕੇ ਜੇਤੂਆਂ ਦੇ ਘਰ ਜਾ ਕੇ ਆਈਫੋਨ ਵੰਡਣਗੇ।
ਜ਼ਿਕਰਯੋਗ ਹੈ ਕਿ ਸੈਕਟਰ 10 ਦੇ ਰਹਿਣ ਵਾਲੇ ਕਾਰੋਬਾਰੀ ਰਾਕੇਸ਼ ਤ੍ਰੇਹਨ ਨੇ ਚੰਡੀਗੜ੍ਹ ਅਤੇ ਮੋਹਾਲੀ ਦੀਆਂ ਔਰਤਾਂ ਨੂੰ 1,000 ਮੁਫ਼ਤ ਆਈਫੋਨ (ਆਈਫੋਨ 17 ਅਤੇ ਇਸ ਤੋਂ ਉੱਪਰਲੇ ਮਾਡਲ) ਵੰਡਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਵੀ ਉਹ ਚੰਡੀਗੜ੍ਹ ਅਤੇ ਮੋਹਾਲੀ ਵਿੱਚ 'ਨਕਦ ਪੈਸਿਆਂ ਦਾ ਲੰਗਰ' ਲਗਾ ਕੇ ਚਰਚਾ ਵਿੱਚ ਰਹੇ ਹਨ, ਜਦਕਿ ਉਨ੍ਹਾਂ ਦਾ ਪ੍ਰਸਤਾਵਿਤ 'ਪੈਟਰੋਲ ਲੰਗਰ' ਵੀ ਪ੍ਰਸ਼ਾਸਨਿਕ ਮਨਜ਼ੂਰੀ ਨਾ ਮਿਲਣ ਕਾਰਨ ਰੱਦ ਕਰ ਦਿੱਤਾ ਗਿਆ ਸੀ।
- Download Babushahi App
-
-