ਚੰਡੀਗੜ੍ਹ: ਕਾਂਗਰਸ ਨਾਲ ਗੱਠਜੋੜ ਬਾਰੇ AAP ਇੰਚਾਰਜ ਜਰਨੈਲ ਸਿੰਘ ਦਾ ਵੱਡਾ ਬਿਆਨ!
ਚੰਡੀਗੜ੍ਹ ਮੇਅਰ ਚੋਣਾਂ: 'ਆਪ' ਨੇ ਵੀ ਕਾਂਗਰਸ ਨਾਲੋਂ ਤੋੜਿਆ ਨਾਤਾ; ਜਰਨੈਲ ਸਿੰਘ ਦਾ ਐਲਾਨ- ਇਕੱਲਿਆਂ ਲੜਾਂਗੇ ਚੋਣ
ਚੰਡੀਗੜ੍ਹ, 22 ਜਨਵਰੀ 2026: ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਬਣੀ 'ਇੰਡੀਆ' ਗਠਜੋੜ ਦੀ ਸਾਂਝ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਕਾਂਗਰਸ ਦੇ ਐਲਾਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਨੇ ਵੱਡਾ ਬਿਆਨ ਦਿੰਦਿਆਂ ਸਾਫ਼ ਕਰ ਦਿੱਤਾ ਹੈ ਕਿ 'ਆਪ' ਮੇਅਰ ਦੀ ਚੋਣ ਕਿਸੇ ਗਠਜੋੜ ਦੇ ਤਹਿਤ ਨਹੀਂ, ਸਗੋਂ ਆਪਣੇ ਦਮ 'ਤੇ ਇਕੱਲਿਆਂ ਹੀ ਲੜੇਗੀ।
ਗਠਜੋੜ ਦੀਆਂ ਉਮੀਦਾਂ ਖ਼ਤਮ
ਪਿਛਲੇ ਕਈ ਦਿਨਾਂ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਚੱਲ ਰਹੀ ਗਠਜੋੜ ਦੀ ਚਰਚਾ ਹੁਣ ਪੂਰੀ ਤਰ੍ਹਾਂ ਠੰਢੀ ਪੈ ਗਈ ਹੈ। ਜਰਨੈਲ ਸਿੰਘ ਨੇ ਕਿਹਾ ਕਿ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਉਹ ਚੰਡੀਗੜ੍ਹ ਨਗਰ ਨਿਗਮ ਵਿੱਚ ਆਪਣੀ ਤਾਕਤ ਨਾਲ ਮੈਦਾਨ ਵਿੱਚ ਉਤਰੇਗੀ।
'ਆਪ' ਕੋਲ ਨੰਬਰ ਪੂਰੇ ਨਹੀਂ: ਲੱਕੀ
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ. ਲੱਕੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਇਸ ਵਾਰ ਆਮ ਆਦਮੀ ਪਾਰਟੀ (AAP) ਨਾਲ ਮਿਲ ਕੇ ਚੋਣ ਨਹੀਂ ਲੜੇਗੀ। ਲੱਕੀ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਹੀ ਸਭ ਤੋਂ ਪਹਿਲਾਂ ਗਠਜੋੜ ਨਾ ਕਰਨ ਦਾ ਫੈਸਲਾ ਸੁਣਾਇਆ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਿੱਚ ਭਾਰੀ ਫੁੱਟ ਹੈ। ਪਹਿਲਾਂ ਹੀ ਦੋ ਕੌਂਸਲਰ ਬੀਜੇਪੀ ਵਿੱਚ ਜਾ ਚੁੱਕੇ ਹਨ ਅਤੇ ਹੁਣ ਵੀ 11 ਵਿੱਚੋਂ ਕਈ ਕੌਂਸਲਰ ਪਾਰਟੀ ਦੇ ਨਾਲ ਖੜ੍ਹੇ ਨਜ਼ਰ ਨਹੀਂ ਆ ਰਹੇ।
ਲੱਕੀ ਅਨੁਸਾਰ 'ਆਪ' ਕੋਲ ਮੇਅਰ ਬਣਾਉਣ ਲਈ ਲੋੜੀਂਦੇ ਨੰਬਰ (ਬਹੁਮਤ) ਨਹੀਂ ਹਨ। ਉਨ੍ਹਾਂ ਕਿਹਾ, "ਜਦੋਂ ਸਾਹਮਣੇ ਵਾਲੀ ਪਾਰਟੀ ਕੋਲ ਨੰਬਰ ਹੀ ਨਹੀਂ, ਤਾਂ ਅਜਿਹੀ ਹਾਰ ਵਾਲੀ ਲੜਾਈ ਲੜਨ ਦਾ ਕੋਈ ਫਾਇਦਾ ਨਹੀਂ ਸੀ।" ਉਨ੍ਹਾਂ ਦੱਸਿਆ ਕਿ 'ਆਪ' ਦੇ ਕੌਂਸਲਰਾਂ ਵਿੱਚ ਆਪਣੇ ਉਮੀਦਵਾਰ ਨੂੰ ਲੈ ਕੇ ਵੀ ਕਾਫੀ ਕਨਫਿਊਜ਼ਨ ਅਤੇ ਇਨਫਾਈਟਿੰਗ (ਅੰਦਰੂਨੀ ਲੜਾਈ) ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਐਚ.ਐਸ. ਲੱਕੀ ਨੇ 'ਆਪ' ਕੋਲ ਨੰਬਰ ਪੂਰੇ ਨਾ ਹੋਣ ਅਤੇ ਕੌਂਸਲਰਾਂ ਵਿੱਚ ਫੁੱਟ ਹੋਣ ਦੇ ਦੋਸ਼ ਲਗਾ ਕੇ ਗਠਜੋੜ ਤੋਂ ਕਿਨਾਰਾ ਕਰ ਲਿਆ ਸੀ। ਹੁਣ ਜਰਨੈਲ ਸਿੰਘ ਦੇ ਬਿਆਨ ਨੇ ਇਸ ਗੱਲ 'ਤੇ ਮੋਹਰ ਲਗਾ ਦਿੱਤੀ ਹੈ ਕਿ ਦੋਵੇਂ ਪਾਰਟੀਆਂ ਇੱਕ-ਦੂਜੇ ਦੇ ਸਾਹਮਣੇ ਖੜ੍ਹੀਆਂ ਹੋਣਗੀਆਂ, ਜਿਸ ਦਾ ਸਿੱਧਾ ਫਾਇਦਾ ਭਾਰਤੀ ਜਨਤਾ ਪਾਰਟੀ (BJP) ਨੂੰ ਮਿਲ ਸਕਦਾ ਹੈ।
ਬੀਜੇਪੀ ਦੀ ਤਿਆਰੀ: ਵਿਨੋਦ ਤਾਵੜੇ ਬਣੇ ਆਬਜ਼ਰਵਰ
ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ ਨੇ ਵੀ ਮੇਅਰ ਚੋਣਾਂ ਲਈ ਕਮਰ ਕੱਸ ਲਈ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਚੰਡੀਗੜ੍ਹ ਮੇਅਰ ਚੋਣਾਂ ਲਈ 'ਚੋਣ ਆਬਜ਼ਰਵਰ' (Election Observer) ਨਿਯੁਕਤ ਕੀਤਾ ਗਿਆ ਹੈ।