ਚੋਣਾਂ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਖੁੱਡੀਆਂ ਦੇ ਘਰ ਅੱਗੇ ਲੱਗਣ ਲੱਗਿਆ ਕਿਸਾਨਾਂ ਮਜ਼ਦੂਰਾਂ ਦਾ ਮੋਰਚਾ
ਮਜ਼ਦੂਰ ਆਗੂ ਮਾਲੜੀ ਮਾਮਲੇ ਵਿੱਚ ਨਕੋਦਰ ਧਰਨੇ 'ਚ ਸ਼ਾਮਲ ਹੋਣ ਦਾ ਫੈਸਲਾ
ਅਸ਼ੋਕ ਵਰਮਾ
ਮਲੋਟ ,20 ਨਵੰਬਰ 2026 : ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਮਜ਼ਦੂਰ ਕਿਸਾਨ ਜਥੇਬੰਦੀਆਂ ਨਾਲ਼ ਅੰਦੋਲਨਾਂ ਦੌਰਾਨ ਬਣੇ ਕੇਸ ਵਾਪਸ ਲੈਣ, ਮਜ਼ਦੂਰ ਕਿਸਾਨ ਪੱਖੀ ਖੇਤੀ ਨੀਤੀ ਲਾਗੂ ਕਰਨ ਅਤੇ ਨਸ਼ਿਆਂ ਦੀ ਮਹਾਂਮਾਰੀ ਨੂੰ ਠੱਲ੍ਹ ਪਾਉਣ ਆਦਿ ਮਸਲਿਆਂ ਤੇ ਵਾਰ ਵਾਰ ਵਾਅਦਾ ਕਰਕੇ ਮੁੱਕਰਨ ਤੋਂ ਖਫਾ ਬੀਕੇਯੂ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ 29 ਨਵੰਬਰ ਤੋਂ ਖੇਤੀਬਾੜੀ ਮੰਤਰੀ ਦੀ ਖੁੱਡੀਆਂ ਸਥਿਤ ਰਿਹਾਇਸ਼ ਅੱਗੇ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਅੱਜ ਦੋਹਾਂ ਜਥੇਬੰਦੀਆਂ ਦੀ ਦਾਣਾ ਮੰਡੀ ਮਲੋਟ ਵਿਖੇ ਹੋਈ ਜ਼ਿਲਾ ਪੱਧਰੀ ਸਾਂਝੀ ਮੀਟਿੰਗ ਵਿੱਚ ਲਿਆ ਗਿਆ ਜਿਸ ਵਿੱਚ ਔਰਤ ਵਰਕਰਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਨੇ ਦੋਸ਼ ਲਾਇਆ ਕਿ ਆਪ ਸਰਕਾਰ ਬਣਨ ਸਾਰ ਫ਼ਸਲੀ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਲਈ ਸੰਘਰਸ਼ ਕਰਦੇ ਕਿਸਾਨਾਂ ਮਜ਼ਦੂਰਾਂ ਉਤੇ 28 ਮਾਰਚ 2022 ਨੂੰ ਪੁਲਿਸ ਵੱਲੋਂ ਲਾਠੀਚਾਰਜ ਕਰਨ ਤੋਂ ਇਲਾਵਾ ਪੁਲਿਸ ਥਾਣਾ ਲੰਬੀ ਵਿਖੇ ਕੇਸ ਦਰਜ ਕੀਤਾ ਗਿਆ ਸੀ।
ਉਹਨਾਂ ਕਿਹਾ ਕਿ ਉਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਕੇਸ ਸਮੇਤ ਅੰਦੋਲਨਾਂ ਦੌਰਾਨ ਬਣੇ ਸਾਰੇ ਕੇਸ ਵਾਪਸ ਲੈਣ ਦਾ ਵਾਅਦਾ ਕੀਤਾ ਗਿਆ ਸੀ ਪਰ ਕੇਸ ਵਾਪਸ ਲੈਣ ਦੀ ਥਾਂ ਇਹਨਾਂ ਕੇਸਾਂ ਦਾ ਅਦਾਲਤੀ ਚਲਾਨ ਪੇਸ਼ ਕਰਕੇ ਮਜ਼ਦੂਰ ਕਿਸਾਨ ਆਗੂਆਂ ਦੇ ਗਿਰਫਤਾਰੀ ਵਾਰੰਟ ਜਾਰੀ ਕਰਵਾ ਦਿੱਤੇ ਗਏ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਆਖ਼ਰੀ ਵਾਰ ਖੇਤੀਬਾੜੀ ਮੰਤਰੀ ਵੱਲੋਂ 22 ਅਗਸਤ 2026 ਨੂੰ ਉਹਨਾਂ ਦੇ ਘਰ ਅੱਗੇ ਦਿੱਤੇ ਧਰਨੇ ਦੌਰਾਨ ਇਹ ਕੇਸ ਕੁੱਝ ਦਿਨਾਂ ਵਿੱਚ ਹੀ ਵਾਪਸ ਕਰਾਉਣ ਅਤੇ ਜ਼ਿਲੇ ਨਾਲ ਸਬੰਧਤ ਮੰਗਾਂ ਬਾਰੇ ਜਲਦੀ ਹੀ ਜ਼ਿਲਾ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਸਲੇ ਹੱਲ ਕਰਨ ਦਾ ਜਨਤਕ ਭਰੋਸਾ ਦੇਣ ਦੇ ਬਾਵਜੂਦ ਕੋਈ ਅਮਲ ਨਹੀਂ ਕੀਤਾ ਗਿਆ।
ਕਿਸਾਨ ਆਗੂ ਗੁਰਪਾਸ਼ ਸਿੰਘ ਅਤੇ ਖੇਤ ਮਜ਼ਦੂਰ ਆਗੂ ਕਾਲ਼ਾ ਸਿੰਘ ਖੂਨਣ ਖੁਰਦ ਨੇ ਆਖਿਆ ਕਿ ਆਪ ਸਰਕਾਰ ਤੇ ਖੇਤੀਬਾੜੀ ਮੰਤਰੀ ਵੱਲੋਂ ਮਜ਼ਦੂਰ ਕਿਸਾਨ ਤੇ ਵਾਤਵਰਣ ਪੱਖੀ ਖੇਤੀ ਨੀਤੀ ਲਾਗੂ ਕਰਨ ਦਾ ਵਾਅਦਾ ਵੀ ਵਫਾ ਨਹੀਂ ਹੋਇਆ ਅਤੇ ਨਸ਼ਿਆਂ ਨੂੰ ਚਾਰ ਮਹੀਨਿਆਂ ਚ ਖਤਮ ਕਰਨ ਬਾਰੇ ਕੇਜਰੀਵਾਲ ਦੀ ਗਰੰਟੀ ਦੇ ਬਾਵਜੂਦ ਨਸ਼ਿਆਂ ਦੀ ਮਹਾਂਮਾਰੀ ਨਾਂ ਸਿਰਫ ਕਈ ਗੁਣਾਂ ਵਧ ਗਈ ਸਗੋਂ ਨਸ਼ਾ ਤਸਕਰਾਂ ਵਲੋਂ ਨਸ਼ਿਆਂ ਖ਼ਿਲਾਫ਼ ਅਵਾਜ਼ ਉਠਾਉਣ ਵਾਲਿਆਂ ਨੂੰ ਦਿਨ ਦਿਹਾੜੇ ਕਤਲ ਕੀਤਾ ਜਾ ਰਿਹਾ ਹੈ। ਜ਼ਿਲੇ ਅੰਦਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਮਜ਼ਦੂਰ ਕਿਸਾਨ ਆਗੂਆਂ ਨੇ ਆਖਿਆ ਕਿ ਮਜ਼ਬੂਰੀ ਵੱਸ ਪਰਾਲ਼ੀ ਸਾੜਨ ਵਾਲੇ ਕਿਸਾਨਾਂ 'ਤੇ ਵਾਰ ਵਾਰ ਵਾਅਦੇ ਕਰਨ ਦੇ ਬਾਵਜੂਦ ਅੱਜ਼ ਵੀ ਪੁਲਿਸ ਕੇਸ ਦਰਜ ਕੀਤੇ ਜਾ ਰਹੇ ਹਨ। ਉਹਨਾਂ ਆਖਿਆ ਕਿ ਧਰਨੇ ਦੌਰਾਨ ਕੇਸਾਂ ਦੀ ਵਾਪਸੀ, ਮਜ਼ਦੂਰ ਕਿਸਾਨ ਪੱਖੀ ਖੇਤੀ ਨੀਤੀ ਲਾਗੂ ਕਰਨ, ਘਰੇਲੂ ਬਿਜਲੀ ਬਿੱਲਾਂ ਦੇ ਖੜੇ ਬਕਾਏ ਖ਼ਤਮ ਕਰਨ, ਨਸ਼ਿਆਂ ਦੇ ਥੋਕ ਉਤਪਾਦਕਾਂ ਥੋਕ ਵਪਾਰੀਆਂ ਅਤੇ ਉਹਨਾਂ ਦੇ ਸਿਆਸੀ ਸਰਪ੍ਰਸਤਾਂ ਨੂੰ ਜੇਲਾਂ 'ਚ ਡੱਕਣ ਅਤੇ ਨਸ਼ੇ ਤੋਂ ਪੀੜਤਾਂ ਦੇ ਢੁਕਵੇਂ ਇਲਾਜ ਤੇ ਮੁੜ ਵਸੇਬਾ ਦਾ ਪ੍ਰਬੰਧ ਕਰਨ ਆਦਿ ਮੰਗਾਂ ਸਬੰਧੀ ਅਵਾਜ਼ ਬੁਲੰਦ ਕੀਤੀ ਜਾਵੇਗੀ।
ਇਸ ਮੌਕੇ ਮਜ਼ਦੂਰ ਆਗੂ ਹਰਮੇਸ਼ ਮਾਲੜੀ 'ਤੇ ਹਮਲੇ ਦੇ ਦੋਸ਼ੀਆਂ ਖਿਲਾਫ ਐਸ ਸੀ /ਐਸ ਟੀ ਐਕਟ ਤਹਿਤ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਆਪ ਸਰਕਾਰ ਦੀ ਸ਼ਹਿ ਕਾਰਨ ਕਥਿਤ ਦੋਸ਼ੀਆਂ ਨੂੰ ਗਿਰਫ਼ਤਾਰ ਨਾਂ ਕਰਨ ਵਿਰੁੱਧ ਜਨਤਕ ਜਮਹੂਰੀ ਤੇ ਸਾਹਿਤਕ ਜਥੇਬੰਦੀਆਂ ਵੱਲੋਂ 22 ਨਵੰਬਰ ਨੂੰ ਡੀ ਐਸ ਪੀ ਨਕਦੋਰ ਦੇ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ 'ਚ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ। ਮੀਟਿੰਗ ਵਿੱਚ ਮਜ਼ਦੂਰ ਆਗੂ ਤਰਸੇਮ ਸਿੰਘ ਤੇ ਕਾਕਾ ਸਿੰਘ ਖੁੰਡੇ ਹਲਾਲ , ਰਾਜਾ ਸਿੰਘ ਖੂਨਣ ਖੁਰਦ , ਕਾਲ਼ਾ ਸਿੰਘ ਸਿੰਘੇਵਾਲਾ ਤੇ ਰਾਮਪਾਲ ਗੱਗੜ ਤੋਂ ਇਲਾਵਾ ਕਿਸਾਨ ਆਗੂ ਮਲਕੀਤ ਸਿੰਘ ਗੱਗੜ, ਮਨੋਹਰ ਸਿੰਘ ਸਿੱਖਵਾਲਾ, ਬੋਹੜ ਸਿੰਘ ਮਲੋਟ, ਹਰਫੂਲ ਸਿੰਘ ਭਾਗਗਰ ਤੇ ਦਲਜੀਤ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਮਜ਼ਦੂਰ ਸ਼ਾਮਲ ਸਨ।
- Download Babushahi App
-
-