ਗੁਰਦਾਸਪੁਰ ਵਿੱਚ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਝਪਟਮਾਰ ਨੇ ਔਰਤ ਨੂੰ ਲੁੱਟਿਆ
ਰੋਹਿਤ ਗੁਪਤਾ
ਗੁਰਦਾਸਪੁਰ :
ਐਕਰ:- ਗੁਰਦਾਸਪੁਰ ਦੇ ਜੇਲ ਰੋਡ 'ਤੇ ਦਿਨ-ਦਿਹਾੜੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਦਵਾਈ ਲੈਣ ਜਾ ਰਹੀ ਇੱਕ ਮਹਿਲਾ ਦੇ ਕੰਨ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ। ਪੀੜਤ ਪਰਿਵਾਰ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।ਪੀੜਤ ਮਹਿਲਾ ਰੇਖਾ ਨੇ ਦੱਸਿਆ ਕਿ ਉਹ ਆਪਣੇ ਪਤੀ ਵਿਕਰਮ ਕੁਮਾਰ ਨਾਲ ਮੋਟਰਸਾਈਕਲ 'ਤੇ ਬਾਬੋਵਾਲ ਵੱਲ ਦਵਾਈ ਲੈਣ ਜਾ ਰਹੀ ਸੀ। ਜਦੋਂ ਉਹ ਜੇਲ ਰੋਡ 'ਤੇ ਸਥਿਤ 'ਹੈਪੀ ਹਾਈ ਸਕੂਲ' ਅਤੇ ਬਾਬੋਵਾਲ ਮੋੜ ਦੇ ਵਿਚਕਾਰ ਪਹੁੰਚੇ, ਤਾਂ ਪਿੱਛੋਂ ਆਏ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਝਟਕੇ ਨਾਲ ਮਹਿਲਾ ਦੇ ਕੰਨ ਵਿੱਚੋਂ ਸੋਨੇ ਦੀ ਵਾਲੀ ਖਿੱਚ ਲਈ। ਲੁੱਟੀ ਗਈ ਸੋਨੇ ਦੀ ਵਾਲੀ ਦੀ ਕੀਮਤ ਲਗਭਗ 40,000 ਰੁਪਏ ਦੱਸੀ ਜਾ ਰਹੀ ਹੈ। ਝਟਕਾ ਲੱਗਣ ਕਾਰਨ ਮਹਿਲਾ ਦੇ ਕੰਨ 'ਤੇ ਸੱਟ ਵੀ ਲੱਗੀ ਹੈ।
ਲੁਟੇਰੇ ਨੇ ਮੈਰੂਨ ਰੰਗ ਦਾ ਪਰਨਾ ਬੰਨ੍ਹਿਆ ਹੋਇਆ ਸੀ।ਚੈੱਕਦਾਰ ਸ਼ਰਟ ਪਾਈ ਹੋਈ ਸੀ ਅਤੇ ਮੂੰਹ 'ਤੇ ਰੁਮਾਲ ਲਪੇਟਿਆ ਹੋਇਆ ਸੀ।ਉਹ ਇਕੱਲਾ ਹੀ 'ਪਲੈਟੀਨਾ' ਮੋਟਰਸਾਈਕਲ 'ਤੇ ਸਵਾਰ ਸੀ। ਮੋਟਰਸਾਈਕਲ 'ਤੇ ਨੰਬਰ ਪਲੇਟ ਤਾਂ ਲੱਗੀ ਹੋਈ ਸੀ ਪਰ ਉਸ ਉੱਪਰ ਕੋਈ ਨੰਬਰ ਨਹੀਂ ਲਿਖਿਆ ਹੋਇਆ ਸੀ। ਨੇੜੇ ਦੀ ਇੱਕ ਕੱਪੜਿਆਂ ਦੀ ਦੁਕਾਨ 'ਤੇ ਲੱਗੇ ਸੀਸੀਟੀਵੀ/ਕੈਮਰੇ ਦੀ ਫੁਟੇਜ ਵਿੱਚ ਮੁਲਜ਼ਮ ਦੇ ਮੋਟਰਸਾਈਕਲ ਦੀ ਤਸਵੀਰ ਵੀ ਸਾਹਮਣੇ ਆਈ ਹੈ।ਵਿਕਰਮ ਕੁਮਾਰ ਨੇ ਦੱਸਿਆ ਕਿ ਵਾਰਦਾਤ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਲੁਟੇਰੇ ਦਾ ਐਸ.ਐਸ.ਪੀ. ਕੋਠੀ ਤੱਕ ਪਿੱਛਾ ਵੀ ਕੀਤਾ, ਪਰ ਉਹ ਤੇਜ਼ ਰਫ਼ਤਾਰ ਨਾਲ ਭੱਜਣ ਵਿੱਚ ਕਾਮਯਾਬ ਹੋ ਗਿਆ। ਉਨ੍ਹਾਂ ਕਿਹਾ ਕਿ ਘਟਨਾ ਦੇ ਸਮੇਂ ਉਨ੍ਹਾਂ ਦੇ ਮੋਟਰਸਾਈਕਲ ਦੀ ਰਫ਼ਤਾਰ ਹੌਲੀ ਸੀ, ਜਿਸ ਕਾਰਨ ਉਹ ਡਿੱਗਣੋਂ ਬਚ ਗਏ, ਨਹੀਂ ਤਾਂ ਕੋਈ ਵੱਡਾ ਜਾਨੀ-ਮਾਲੀ ਨੁਕਸਾਨ ਜਾਂ ਗੰਭੀਰ ਸੱਟ ਵੀ ਲੱਗ ਸਕਦੀ ਸੀ।ਪੀੜਤ ਪਰਿਵਾਰ ਨੇ ਦੱਸਿਆ ਕਿ ਘਟਨਾ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪੁਲਿਸ ਮੁਲਾਜ਼ਮਾਂ ਨੇ ਘਟਨਾ ਵਾਲੀ ਜਗ੍ਹਾ ਦਾ ਦੌਰਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਗੁਹਾਰ ਲਗਾਈ ਹੈ।ਕਿ ਚੋਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਦਾ ਲੁੱਟਿਆ ਹੋਇਆ ਸਾਮਾਨ ਵਾਪਸ ਦਿਵਾਇਆ ਜਾਵੇ।
- Download Babushahi App
-
-