ਗੁਰਦਾਸਪੁਰ: ਸਕੂਲ ਦੇ ਗੇਟ ਅੱਗੇ ਗੰਦੇ ਪਾਣੀ ਦਾ ਛੱਪੜ; ਬੱਚੇ ਅਤੇ ਅਧਿਆਪਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ
ਸਰਕਾਰੀ ਸੀਨੀਅਰ ਸੈਕੈਂਡਰੀ ਦੇ ਗੇਟ ਦੇ ਬਾਹਰ ਗੰਦੇ ਪਾਣੀ ਨੇ ਧਾਰਿਆ ਛੱਪੜ ਦਾ ਰੂਪ
ਰੋਜ਼ਾਨਾ ਬੱਚੇ ਗੰਦੇ ਪਾਣੀ ਦੇ ਵਿੱਚੋਂ ਨਿਕਲ ਕੇ ਸਕੂਲ ਜਾਣ ਦੇ ਲਈ ਹੋਏ ਮਜਬੂਰ, ਸਰਕਾਰੀ ਹਸਪਤਾਲ ਅਤੇ ਕਈ ਪਿੰਡਾਂ ਨੂੰ ਵੀ ਜਾਂਦਾ ਹੈ ਇਹ ਰਸਤਾ, ਸਰਪੰਚ ਕਹਿੰਦਾ ਠੇਕੇਦਾਰ ਦੇ ਖਿਲਾਫ ਪ੍ਰਸ਼ਾਸਨ ਨੂੰ ਲੈਣਾ ਚਾਹੀਦਾ ਐਕਸ਼ਨ
ਰੋਹਿਤ ਗੁਪਤਾ, ਗੁਰਦਾਸਪੁਰ
ਗੁਰਦਾਸਪੁਰ ਦੇ ਸਰਹੱਦੀ ਕਸਬਾ ਦੋਰਾਂਗਲਾ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੇ ਬਾਹਰ ਵਾਲੇ ਰਸਤੇ ਦਾ ਇਹ ਹਾਲ ਹੋ ਗਿਆ ਹੈ ਕਿ ਬੱਚਿਆਂ ਅਤੇ ਅਧਿਆਪਕਾਂ ਨੂੰ ਗੰਦੇ ਪਾਣੀ ਚੋਂ ਲੰਘ ਕੇ ਸਕੂਲ ਜਾਣਾ ਪੈਂਦਾ ਹੈ ਅਤੇ ਉਨਾਂ ਦੀਆਂ ਵਰਦੀਆਂ ,ਬਸਤੇ ਕਿਤਾਬਾਂ ਵੀ ਖਰਾਬ ਹੋ ਜਾਂਦੀਆਂ ਹਨ। ਇਹ ਰਸਤਾ ਸਰਕਾਰੀ ਹਸਪਤਾਲ ਅਤੇ ਕਈ ਪਿੰਡਾਂ ਨੂੰ ਵੀ ਜਾਂਦਾ ਹੈ।
ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਕਰੋੜਾਂ ਰੁਪਏ ਦੀ ਰਾਸ਼ੀ ਇੱਥੇ ਸੀਵਰੇਜ ਪਾਉਣ ਲਈ ਜਾਰੀ ਕੀਤੀ ਗਈ ਸੀ ਪਰ ਪਿੰਡ ਦੇ ਸਰਪੰਚ ਕਰਮਜੀਤ ਸਿੰਘ ਮਿੰਟੂ ਦਾ ਦੋਸ਼ ਹੈ ਕਿ ਇਸ ਗਰਾਂਟ ਦੀ ਠੇਕੇਦਾਰ ਵੱਲੋਂ ਸਹੀ ਢੰਗ ਨਾਲ ਵਰਤੋਂ ਨਹੀਂ ਕੀਤੀ ਗਈ, ਜਿਸ ਕਾਰਨ ਇਹ ਹਾਲਤ ਹੋ ਗਈ ਹੈ।
ਦੂਜੇ ਪਾਸੇ ਜਦੋਂ ਇਸ ਸਬੰਧ ਵਿੱਚ ਸੀਵਰੇਜ ਦਾ ਕੰਮ ਕਰਨ ਵਾਲੇ ਠੇਕੇਦਾਰ ਜਸਵਿੰਦਰ ਸਿੰਘ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਤਿੰਨ ਸਾਲ ਪਹਿਲਾਂ ਕੰਮ ਕੰਪਲੀਟ ਕਰ ਚੁੱਕੇ ਹਨ ।ਤਿੰਨ ਸਾਲਾਂ ਤੋਂ ਕੋਈ ਸਮੱਸਿਆ ਪੇਸ਼ ਨਹੀਂ ਆਈ ਪਰ ਪਿੰਡ ਦੀ ਪੰਚਾਇਤ ਨੇ ਸਹੀ ਢੰਗ ਨਾਲ ਸੀਵਰੇਜ ਦੀ ਸਫਾਈ ਨਹੀਂ ਕਰਵਾਈ ਜਿਸ ਕਾਰਨ ਸੀਵਰੇਜ ਚੌਕ ਹੋ ਗਏ ਤੇ ਫੇਰ ਪੱਖਾ ਲਾ ਕੇ ਉਸ ਦ ਪਾਣੀ ਕਢਵਾਇਆ ਗਿਆ, ਇਹੋ ਪਾਣੀ ਸਕੂਲ ਦੇ ਬਾਹਰ ਸੜਕ ਤੇ ਖੜਾ ਹੈ। ਜਿਸ ਨੂੰ ਸੁੱਕਣ ਵਿੱਚ ਕੁਝ ਦਿਨ ਲੱਗਣਗੇ।