ਖੰਨਾ 'ਚ ਖ਼ੌਫਨਾਕ ਵਾਰਦਾਤ: ਹੋਟਲ ਦੇ ਕਮਰੇ 'ਚੋਂ ਪ੍ਰੇਮੀ ਜੋੜੇ ਦੀਆਂ ਮਿਲੀਆਂ ਲਾਸ਼ਾਂ
Ravinder Singh
ਖੰਨਾ, 1 ਜੁਲਾਈ 2026- ਖੰਨਾ ਸ਼ਹਿਰ ਦੇ ਜੀ.ਟੀ. ਰੋਡ 'ਤੇ ਸਥਿਤ ਇੱਕ ਹੋਟਲ ਵਿੱਚ ਬੁੱਧਵਾਰ ਨੂੰ ਉਸ ਵੇਲੇ ਭਾਰੀ ਦਹਿਸ਼ਤ ਅਤੇ ਸਨਸਨੀ ਫੈਲ ਗਈ, ਜਦੋਂ ਹੋਟਲ ਦੇ ਇੱਕ ਕਮਰੇ ਵਿੱਚੋਂ ਇੱਕ ਪ੍ਰੇਮੀ ਜੋੜੇ ਦੀਆਂ ਸ਼ੱਕੀ ਹਾਲਤ ਵਿੱਚ ਲਾਸ਼ਾਂ ਬਰਾਮਦ ਹੋਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਦੇ ਉੱਚ ਅਧਿਕਾਰੀ ਅਤੇ ਫੋਰੈਂਸਿਕ ਮਾਹਰਾਂ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਕਤਲ ਤੋਂ ਬਾਅਦ ਖ਼ੁਦਕੁਸ਼ੀ ਦਾ ਮੰਨਿਆ ਜਾ ਰਿਹਾ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਨੇ ਪਹਿਲਾਂ ਕਿਸੇ ਵਿਵਾਦ ਦੇ ਚਲਦਿਆਂ ਲੜਕੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਅਤੇ ਉਸ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੂੰ ਵਾਰਦਾਤ ਵਾਲੇ ਕਮਰੇ ਵਿੱਚੋਂ ਇੱਕ 9 ਐੱਮ.ਐੱਮ. (9MM) ਦਾ ਹਥਿਆਰ ਅਤੇ ਦੋ ਮੈਗਜ਼ੀਨ ਬਰਾਮਦ ਹੋਏ ਹਨ, ਜਿਸ ਨੂੰ ਕਾਨੂੰਨੀ ਕਾਰਵਾਈ ਲਈ ਜ਼ਬਤ ਕਰ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਜੋੜਾ ਬੁੱਧਵਾਰ ਤੜਕੇ ਕਰੀਬ 2:30 ਤੋਂ 3:00 ਵਜੇ ਦੇ ਦਰਮਿਆਨ ਹੋਟਲ ਵਿੱਚ ਪਹੁੰਚਿਆ ਸੀ। ਸੂਤਰਾਂ ਅਨੁਸਾਰ ਉਨ੍ਹਾਂ ਦੇ ਨਾਲ ਖੰਨਾ ਦਾ ਹੀ ਇੱਕ ਹੋਰ ਨੌਜਵਾਨ ਵੀ ਮੌਜੂਦ ਸੀ, ਜਿਸ ਨੇ ਹੋਟਲ ਸਟਾਫ਼ ਅਤੇ ਪ੍ਰਬੰਧਨ ਕੋਲ ਇਨ੍ਹਾਂ ਦੀ ਸਿਫ਼ਾਰਸ਼ ਕਰਕੇ ਉਨ੍ਹਾਂ ਨੂੰ ਕਮਰਾ ਦਿਵਾਇਆ ਸੀ। ਪੁਲਿਸ ਹੁਣ ਉਸ ਸਿਫ਼ਾਰਸ਼ ਕਰਨ ਵਾਲੇ ਨੌਜਵਾਨ ਦੀ ਵੀ ਭਾਲ ਕਰ ਰਹੀ ਹੈ ਤਾਂ ਜੋ ਘਟਨਾ ਦੀ ਅਸਲ ਸੱਚਾਈ ਸਾਹਮਣੇ ਆ ਸਕੇ।
ਖ਼ੌਫਨਾਕ ਵਾਰਦਾਤ ਦੇ ਨਾਲ-ਨਾਲ ਹੋਟਲ ਪ੍ਰਬੰਧਨ ਦੀ ਸੁਰੱਖਿਆ ਨਿਯਮਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਲਾਪਰਵਾਹੀ ਵੀ ਉਜਾਗਰ ਹੋਈ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ, ਹੋਟਲ ਪ੍ਰਬੰਧਕਾਂ ਨੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦਿਆਂ, ਕਮਰਾ ਦੇਣ ਵੇਲੇ ਦੋਵਾਂ ਦੇ ਨਾਂ ਹੋਟਲ ਦੇ ਸਰਕਾਰੀ ਰਜਿਸਟਰ ਵਿੱਚ ਦਰਜ ਨਹੀਂ ਕੀਤੇ। ਮੁਲਾਜ਼ਮਾਂ ਵੱਲੋਂ ਉਨ੍ਹਾਂ ਕੋਲੋਂ ਕੋਈ ਕਾਨੂੰਨੀ ਪਛਾਣ ਪੱਤਰ (ID Card) ਵੀ ਨਹੀਂ ਲਿਆ ਗਿਆ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਟਲ ਦੀ ਇਹ ਲਾਪਰਵਾਹੀ ਬੇਹੱਦ ਗੰਭੀਰ ਹੈ, ਜਿਸ ਕਾਰਨ ਹੋਟਲ ਪ੍ਰਬੰਧਨ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਫਿਲਹਾਲ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।
- Download Babushahi App
-
-