ਖੇਡਾਂ ਸਾਡੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ: ਪਵਨ ਦੀਵਾਨ
ਪ੍ਰਮੋਦ ਭਾਰਤੀ
ਲੁਧਿਆਣਾ, 27 ਅਕਤੂਬਰ,2025
ਖੇਡਾਂ ਸਾਡੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਅਤੇ ਇੱਕ ਚੰਗਾ ਖਿਡਾਰੀ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ, ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਨੇ ਹੰਬੜਾ ਰੋਡ 'ਤੇ ਗੋਲਫ ਲਿੰਕਸ ਵਿਖੇ ਸੋਢੀ ਕ੍ਰਿਕਟ ਅਕੈਡਮੀ ਵਿਖੇ ਵਿਨੋਦ ਚਿਤਕਾਰਾ ਦੀ ਅਗਵਾਈ ਹੇਠ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਵਿੱਚ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕੀਤਾ। ਇਸ ਮੌਕੇ ਉਨ੍ਹਾਂ ਨਾਲ ਇੰਦਰਜੀਤ ਕਪੂਰ, ਹੈਪੀ ਕਪੂਰ ਤੇ ਰੋਹਿਤ ਪਾਹਵਾ ਵੀ ਮੌਜੂਦ ਰਹੇ।
ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ, ਦੀਵਾਨ ਨੇ ਅਕੈਡਮੀ ਵੱਲੋਂ ਕਰਵਾਏ ਜਾ ਰਹੇ ਸ਼ਾਨਦਾਰ ਟੂਰਨਾਮੈਂਟ ਦੀ ਸ਼ਲਾਘਾ ਕੀਤੀ, ਜਿਸ ਵਿੱਚ ਅੰਡਰ-18 ਖਿਡਾਰੀ ਅੱਠ ਟੀਮਾਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾ ਰਹੇ ਹਨ। ਉਨ੍ਹਾਂ ਖਿਡਾਰੀਆਂ ਵੱਲੋਂ ਦਿਖਾਈ ਗਈ ਖੇਡ ਭਾਵਨਾ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਖੇਡਾਂ ਸਾਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਸਾਡੇ ਮਾਨਸਿਕ ਤੇ ਸਰੀਰਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਮਜ਼ਬੂਤ ਬਣਾਉਂਦੀਆਂ ਹਨ।
ਜ਼ਿਕਰਯੋਗ ਹੈ ਕਿ ਅੰਡਰ-18 ਖਿਡਾਰੀ ਇਸ 15 ਦਿਨਾਂ ਕ੍ਰਿਕਟ ਟੂਰਨਾਮੈਂਟ ਵਿੱਚ ਅੱਠ ਟੀਮਾਂ ਵਿੱਚ ਹਿੱਸਾ ਲੈ ਰਹੇ ਹਨ। ਟੂਰਨਾਮੈਂਟ ਵਿੱਚ 2 ਪੂਲ ਬਣਾਏ ਗਏ ਹਨ। ਇਸ ਵਿੱਚ 8 ਟੀਮਾਂ ਵੰਡੀਆਂ ਗਈਆਂ ਹਨ। ਐਤਵਾਰ ਨੂੰ ਜੀਐਨਐਸਏ ਅਕੈਡਮੀ ਅਤੇ ਸੋਢੀ ਕ੍ਰਿਕਟ ਅਕੈਡਮੀ ਚੰਡੀਗੜ੍ਹ ਵਿਚਾਲੇ ਖੇਡੇ ਗਏ ਮੈਚ ਵਿੱਚ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪਹਿਲੀ ਪਾਰੀ ਵਿੱਚ ਬੱਲੇਬਾਜ਼ੀ ਕਰਦੇ ਹੋਏ ਜੀਐਨਐਸਏ ਅਕੈਡਮੀ ਨੇ ਆਪਣੀ ਵਿਰੋਧੀ ਟੀਮ ਨੂੰ 39.4 ਓਵਰਾਂ ਵਿੱਚ 10 ਵਿਕਟਾਂ ਦੇ ਨੁਕਸਾਨ 'ਤੇ 280 ਦੌੜਾਂ ਦਾ ਟੀਚਾ ਦਿੱਤਾ। ਜਦੋਂ ਕਿ ਸੋਢੀ ਅਕੈਡਮੀ ਚੰਡੀਗੜ੍ਹ ਦੀ ਟੀਮ 38 ਓਵਰਾਂ ਵਿੱਚ 10 ਵਿਕਟਾਂ ਗੁਆ ਕੇ ਸਿਰਫ਼ 120 ਦੌੜਾਂ ਹੀ ਬਣਾ ਸਕੀ।