ਤਰਨਤਾਰਨ 'ਚ ਅਕਾਲੀ ਦਲ ਵੱਲੋਂ ਸਰਕਾਰੀ ਧੱਕੇਸ਼ਾਹੀਆਂ ਵਿਰੁੱਧ ਧਰਨਾ
ਤਰਨਤਾਰਨ, 25 ਅਕਤੂਬਰ 2025 – ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਰਕਰਾਂ ਅਤੇ ਸਰਪੰਚਾਂ ਨੂੰ ਤੰਗ ਕਰਨ ਅਤੇ ਨਾਜਾਇਜ਼ ਮਾਮਲੇ ਦਰਜ ਕਰਨ ਵਿਰੁੱਧ ਨੇ ਅੱਜ ਅਕਾਲੀ ਦਲ ਨੇ ਝਬਾਲ ਚੌਂਕ ਵਿਖੇ ਧਰਨਾ ਦਿੱਤਾ। ਧਰਨੇ ਵਿੱਚ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਹਿੱਸਾ ਲਿਆ ਅਤੇ ਸਰਕਾਰ ਵਿਰੁੱਧ ਤਿੱਖੇ ਨਾਅਰੇ ਲਗਾਏ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਸਰਕਾਰ ਅਕਾਲੀ ਦਲ ਦੀ ਚੜ੍ਹਤ ਨੂੰ ਵੇਖ ਕੇ ਬੁਖਲਾ ਗਈ ਹੈ ਅਤੇ ਪਾਰਟੀ ਨਾਲ ਜੁੜੇ ਸਰਪੰਚਾਂ ਅਤੇ ਵਰਕਰਾਂ ਨੂੰ ਸਰਕਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਤਰਨਤਾਰਨ ਪੁਲਿਸ ਵੱਲੋਂ ਇਲੈਕਸ਼ਨ ਤੋਂ ਪਹਿਲਾਂ ਜਾਅਲੀ ਕੇਸ ਦਰਜ ਕਰਨ ਨੂੰ ਗੰਭੀਰ ਅਨਿਆਂ ਦੱਸਿਆ। ਆਗੂਆਂ ਨੇ ਕਿਹਾ ਕਿ ਇਹ ਸਭ ਤਰਨਤਾਰਨ ਇਲੈਕਸ਼ਨ ਵਿੱਚ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪੰਚਾਇਤੀ ਚੋਣਾਂ ਵਿੱਚ ਵੀ ਨਾਮਜ਼ਦਗੀਆਂ ਰੱਦ ਕਰਨ ਨੂੰ ਲੋਕਤੰਤਰ ਵਿਰੋਧੀ ਕਾਰਵਾਈ ਕਿਹਾ।
ਇਸ ਮੌਕੇ ਧਰਨੇ ਵਿੱਚ ਪਾਰਟੀ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ, ਪਰਮਬੰਸ ਬੰਟੀ ਰੋਮਾਣਾ, ਗੁਲਜ਼ਾਰ ਸਿੰਘ ਰਣੀਕੇ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਜ਼ਿਲ੍ਹਾ ਪ੍ਰਧਾਨ ਅਲਵਿੰਦਰ ਪਾਲ ਸਿੰਘ ਪੱਖੋਕੇ ਅਤੇ ਬਲਜੀਤ ਸਿੰਘ ਜਲਾਲ ਉਸਮਾਂ ਵਰਗੇ ਸੀਨੀਅਰ ਆਗੂ ਮੌਜੂਦ ਰਹੇ। ਬੀਬੀ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਪੰਥਕ ਏਕਤਾ ਨਾਲ ਚੋਣ ਲੜੇਗਾ ਅਤੇ ਇਨ੍ਹਾਂ ਧੱਕੇਸ਼ਾਹੀਆਂ ਨੂੰ ਨਾਕਾਮ ਬਣਾਏਗਾ। ਅਕਾਲੀ ਦਲ ਨੇ ਇਸ ਨੂੰ ਪੰਥਕ ਏਕਤਾ ਅਤੇ ਪੰਜਾਬੀਆਂ ਦੇ ਹੱਕਾਂ ਲਈ ਲੜਾਈ ਦੱਸਿਆ ਹੈ।